ਡੀ. ਸੀ. ਦੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਭਾਵੁਕ ਅਪੀਲ, ਹਰ ਜਾਨ ਕੀਮਤੀ, ਦੁੱਗਣੀ ਕਰੋ ਬੈੱਡਾਂ ਦੀ ਗਿਣਤੀ
Friday, Apr 23, 2021 - 04:39 PM (IST)
ਲੁਧਿਆਣਾ (ਸਹਿਗਲ) : ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਪ੍ਰਮੁੱਖ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਹ ਲੋਕ ਹਿੱਤ ਲਈ ਆਪਣੇ ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਦੁੱਗਣੀ ਕਰਨ ਤਾਂ ਕਿ ਕੋਈ ਵੀ ਮਰੀਜ਼ ਕੁਆਲਿਟੀ ਇਲਾਜ ਤੋਂ ਵਾਂਝਾ ਨਾ ਰਹੇ। ਡੀ. ਸੀ. ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਮੁੱਖ ਹਸਪਤਾਲਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਜਾਨ ਕੀਮਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਇਸ ਲਈ ਲਾਜ਼ਮੀ ਹੈ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਹਸਪਤਾਲਾਂ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਆਕਸੀਜਨ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਲਈ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਹੈਲਪ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਕਸੀਜਨ ਲਿਆ ਰਹੇ ਵਾਹਨਾਂ ਲਈ ਗ੍ਰੀਨ ਕੋਰੀਡੋਰ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਵੀਡੀਓ ਕਾਨਫਰੰਸਿੰਗ ’ਚ ਹਸਪਤਾਲ ਪ੍ਰਬੰਧਕਾਂ ਨੇ ਆਪਣੇ ਹਸਪਤਾਲਾਂ ’ਚ ਕੋਰੋਨਾ ਦੇ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਜਲਦ ਵਧਾਉਣ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਔਖੀ ਘੜੀ ’ਚ ਜ਼ਿਲਾ ਪ੍ਰਸ਼ਾਸਨ ਦੇ ਨਾਲ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ
ਦੁੱਗਰੀ ’ਚ 2 ਮਰੀਜ਼ਾਂ ਸਮੇਤ 9 ਦੀ ਮੌਤ, 968 ਪਾਜ਼ੇਟਿਵ
ਅਰਬਨ ਅਸਟੇਟ ਦੁੱਗਰੀ ਵਿਚ 2 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਕਤ ਇਲਾਕੇ ਦੇ ਫੇਸ-1 ਅਤੇ ਫੇਸ-2 ਵਿਚ ਸਮੂਹਿਕ ਤੌਰ ’ਤੇ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ’ਤੇ ਇਸ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ। ਦੋਵੇਂ ਮਰੀਜ਼ਾਂ ’ਚੋਂ ਇਕ 71 ਸਾਲਾ ਅਤੇ ਦੂਜਾ 76 ਸਾਲਾ ਮਰੀਜ਼ ਸ਼ਾਮਲ ਹੈ। ਦੋਵੇਂ ਦਯਾਨੰਦ ਹਸਪਤਾਲ ’ਚ ਦਾਖਲ ਸਨ। ਜ਼ਿਲ੍ਹੇ ’ਚ ਕੋਰੋਨਾ ਕਾਰਨ 9 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 968 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 880 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 88 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ। ਜਿਨ੍ਹਾਂ 9 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 7 ਜ਼ਿਲ੍ਹੇ ਦੇ, ਜਦੋਂਕਿ ਬਾਕੀ ਦੋ ਵਿਚੋਂ ਇਕ ਬਰਨਾਲਾ ਅਤੇ ਇਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਬੇਕਾਬੂ ਚੱਲ ਰਹੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਕਾਰਣ ਹੁਣ ਤੱਕ 46358 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 1272 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਸਥਾਨਕ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਮਰੀਜ਼ਾਂ ’ਚ 7024 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 654 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਪਾਜ਼ੇਟਿਵ ਆਏ ਮਰੀਜ਼ਾਂ ’ਚੋਂ 39257 ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 5829 ਹੋ ਗਈ ਹੈ।
ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ ਨਾਬਾਲਗ ਲੜਕੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ
ਮਤ ਕਰ ਕੋਰੋਨਾ ਪਰ ਅਹਿਸਾਨ, ਮਹਿੰਗਾ ਪੜ ਜਾਏਗਾ
ਜ਼ਿਲ੍ਹੇ ’ਚ ਸਿਰਫ਼ 5338 ਵਿਅਕਤੀਆਂ ਨੇ ਲਗਵਾਈ ਵੈਕਸੀਨ
ਜ਼ਿਲ੍ਹਾ ਪ੍ਰਸ਼ਾਸਨ ਪੁਲਸ ਅਤੇ ਸਿਹਤ ਅਧਿਕਾਰੀਆਂ ਦੀਆਂ ਅਪੀਲਾਂ ਦੇ ਬਾਵਜੂਦ ਲੋਕ ਵੈਕਸੀਨ ਲਗਵਾਉਣ ਪ੍ਰਤੀ ਜਾਗਰੂਕ ਦਿਖਾਈ ਨਹੀਂ ਦੇ ਰਹੇ। ਮਾਹਿਰਾਂ ਮੁਤਾਬਕ ਕੋਰੋਨਾ ਵਾਇਰਸ ’ਤੇ ਕੀਤਾ ਜਾ ਰਿਹਾ ਇਹ ਅਹਿਸਾਨ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਪਹਿਲਾਂ ਵੀ ਕੋਰੋਨਾ ਵਾਇਰਸ ਵਿਚ ਵਾਧੇ ਦਾ ਇਕ ਮੁੱਖ ਕਾਰਨ ਲੋਕਾਂ ਦੀ ਲਾਪ੍ਰਵਾਹੀ ਹੈ ਪਰ ਹੁਣ ਵੈਕਸੀਨ ਮੁਹੱਈਆ ਹੋਣ ਦੇ ਬਾਵਜੂਦ ਲੋਕ ਢਿੱਲੇ ਦਿਖਾਈ ਦੇ ਰਹੇ ਹਨ। ਜ਼ਿਲ੍ਹੇ ’ਚ ਸਿਰਫ਼ 5338 ਲੋਕਾਂ ਨੇ ਵੈਕਸੀਨ ਲਗਵਾਈ ਹੈ। ਇਨ੍ਹਾਂ ਸ਼ਰਮਨਾਕ ਅੰਕੜਿਆਂ ਦਾ ਬਿਓਰਾ ਇਸ ਤਰ੍ਹਾਂ ਹੈ। ਹੈਲਥ ਕੇਅਰ ਵਰਕਰਾਂ ਵਿਚ ਪਹਿਲੀ ਡੋਜ਼ ਲਗਵਾਉਣ ਵਾਲੇ ਸਿਰਫ 42 ਲੋਕ ਸਾਹਮਣੇ ਆਏ, ਜਦੋਂਕਿ 53 ਨੇ ਦੂਜੀ ਡੋਜ਼ ਲਗਵਾਈ। ਇਸੇ ਤਰ੍ਹਾਂ ਫਰੰਟ ਲਾਈਨ ਵਰਕਰਾਂ ’ਚ 504 ਲੋਕਾਂ ਨੇ ਪਹਿਲੀ ਅਤੇ 194 ਨੇ ਦੂਜੀ ਡੋਜ਼ ਲਗਵਾਈ। 45 ਤੋਂ 60 ਸਾਲ ਦੀ ਉਮਰ ਦੇ 1918 ਸਮਝਦਾਰ ਲੋਕਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਈ, ਜਦੋਂਕਿ 804 ਵਿਚ ਦੂਜੀ, 60 ਸਾਲ ਤੋਂ ਜ਼ਿਆਦਾ ਦੇ ਸੀਨੀਅਰ ਨਾਗਰਿਕਾਂ ਵਿਚ 1250 ਵਿਚ ਵਿਅਕਤੀਆਂ ਨੇ ਵੈਕਸਿਨ ਦਾ ਪਹਿਲਾ ਇੰਜੈਕਸ਼ਨ ਲਗਵਾਇਆ, ਜਦੋਂਕਿ 573 ਨੇ ਦੂਜਾ।
ਪਹਿਲੀ ਵਾਰ ਲਏ 10033 ਸੈਂਪਲ
ਸਿਹਤ ਮਹਿਕਮੇ ਵਿਚ ਸੈਂਪਲਿੰਗ ਵਧਾਉਂਦੇ ਹੋਏ ਪਹਿਲੀ ਵਾਰ 10033 ਸੈਂਪਲ ਦੇ ਨਿਸ਼ਾਨੇ ਨੂੰ ਪ੍ਰਾਪਤ ਕੀਤਾ ਹੈ। ਇਨ੍ਹਾਂ ਸੈਂਪਲਾਂ ਵਿਚ 8030 ਸੈਂਪਲ ਸਿਹਤ ਵਿਭਾਗ ਵੱਲੋਂ, ਜਦੋਂਕਿ 2003 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ। ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ’ਚੋਂ 379 ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਸ਼ਖ਼ਬਰੀ, ਪਹਿਲੀ ਵਾਰ ‘ਫੈਪ ਸਟੇਟ ਐਵਾਰਡ’ ਦੇਣ ਦਾ ਐਲਾਨ
ਹਸਪਤਾਲਾਂ ’ਚ 922 ਮਰੀਜ਼ ਜ਼ੇਰੇ ਇਲਾਜ, 20 ਗੰਭੀਰ
ਜ਼ਿਲੇ ਦੇ ਹਸਪਤਾਲਾਂ ਵਿਚ 922 ਪਾਜ਼ੇਟਿਵ ਮਰੀਜ਼ ਦਾਖਲ ਹਨ। ਇਨ੍ਹਾਂ ਵਿਚੋਂ 86 ਮਰੀਜ਼ ਸਰਕਾਰੀ ਹਸਪਤਾਲਾਂ, ਜਦੋਂਕਿ 836 ਮਰੀਜ਼ ਨਿੱਜੀ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ 4349 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਹਸਪਤਾਲਾਂ ’ਚ ਦਾਖਲ ਮਰੀਜ਼ਾਂ ਵਿਚੋਂ 20 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ਵਿਚੋਂ 12 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 592 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਮੌਜੂਦਾ ਵਿਚ 7333 ਸ਼ੱਕੀ ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ।
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ