ਕੋਵਿਡ ਨਾਲ ਨਜਿੱਠਣ ਲਈ ਸਿਹਤ ਮਹਿਕਮੇ ’ਚ ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ

Thursday, May 13, 2021 - 07:13 PM (IST)

ਕੋਵਿਡ ਨਾਲ ਨਜਿੱਠਣ ਲਈ ਸਿਹਤ ਮਹਿਕਮੇ ’ਚ ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ

ਚੰਡੀਗੜ੍ਹ (ਬਿਊਰੋ) : ਸੂਬੇ ’ਚ ਵਧਦੇ ਕੋਵਿਡ ਆਫ਼ਤ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਪੁਲਿਸ ਮਹਿਕਮੇ ਵੱਲੋਂ 152.56 ਕਰੋੜ ਰੁਪਏ ਦੇ ਹਸਪਤਾਲ ਦੇ ਸਮਾਨ ਤੇ ਖਪਤਯੋਗ ਵਸਤਾਂ ਦੀ ਖਰੀਦ ਨੂੰ ਕਾਰਜ ਬਾਅਦ ਮਨਜ਼ੂਰੀ ਦਿੱਤੀ ਹੈ। ਸਿਹਤ ਮਹਿਕਮੇ ਵਿੱਚ ਮੌਜੂਦਾ ਸਮੇਂ ਖਾਲੀ ਰੈਗੂਲਰ ਅਸਾਮੀਆਂ ਵਿਰੁੱਧ 250 ਐੱਮ. ਬੀ. ਬੀ. ਐੱਸ. ਮੈਡੀਕਲ ਅਫਸਰਾਂ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ. ਪੀ. ਐਸ. ਸੀ.) ਦੇ ਦਾਇਰੇ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਵੀ ਹਰੀ ਝੰਡੀ ਦੇ ਦਿੱਤੀ। ਇਨ੍ਹਾਂ ਵਿੱਚੋਂ 192 ਮੈਡੀਕਲ ਅਫਸਰਾਂ ਨੂੰ ਅੱਜ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ। ਸਿਹਤ ਮਹਿਕਮੇ ’ਚ ਮੈਡੀਕਲ ਅਫਸਰਾਂ (ਐੱਮ.ਬੀ.ਬੀ.ਐੱਸ.) ਦੀਆਂ ਇਹ 250 ਅਸਾਮੀਆਂ ਪਹਿਲੀ ਅਕਤੂਬਰ 2020 ਤੋਂ 30 ਅਪਰੈਲ 2021 ਤੱਕ ਤਰੱਕੀਆਂ/ਸੇਵਾ ਮੁਕਤੀ/ਅਸਤੀਫਿਆਂ ਕਾਰਨ ਖਾਲੀ ਪਈਆਂ ਸਨ। ਇਨ੍ਹਾਂ ਫੈਸਲਿਆਂ ਦਾ ਐਲਾਨ ਅੱਜ ਦੁਪਹਿਰ ਵੀਡਿਓ ਕਾਨਫਰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਵੱਲੋਂ ਕੀਤਾ ਗਿਆ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਦੋਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਮਸਲਾ ਹੋਵੇ ਤਾਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਖਰੀਦ ਦਾ ਫੈਸਲਾ ਸਿਹਤ ਖੇਤਰ ਰਿਸਪਾਂਸ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਕੀਤਾ ਗਿਆ।

ਇਹ ਵੀ ਪੜ੍ਹੋ : 18 ਤੋਂ 45 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਭਲਕੇ ਤੋਂ , ਸ਼ਹਿਰ ਨੂੰ ਮਿਲੀਆਂ ਸਿਰਫ਼ 33,000 ਡੋਜ਼

ਇਹ ਕਮੇਟੀ 28 ਮਾਰਚ 2020 ਨੂੰ ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਪਹਿਲਾਂ ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਸੀ ਅਤੇ ਫੇਰ ਸਿਹਤ ਤੇ ਮੈਡੀਕਲ ਸਿੱਖਿਆ ਸਲਾਹਕਾਰ ਡਾ. ਕੇ.ਕੇ. ਤਲਵਾੜ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਸੀ। ਕਮੇਟੀ ਨੂੰ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਲਈ ਨਿੱਜੀ ਰੱਖਿਆ ਉਪਕਰਨ, ਸਮਾਨ ਅਤੇ ਬੁਨਿਆਦੀ ਢਾਂਚੇ ਦੀਆਂ ਸਾਰੀਆਂ ਜ਼ਰੂਰਤਾਂ ਦਾ ਮੁਲਾਂਕਣ ਅਤੇ ਸਮੀਖਿਆ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ। ਸਿਫਾਰਸ਼ਾਂ ਦੇ ਆਧਾਰ 'ਤੇ ਤਿੰਨੇ ਮਹਿਕਮਿਆਂ ਨੇ ਨਿਟਰਾਈਲ ਦਸਤਾਨੇ, ਪਲਸ ਆਕਸੀਮੀਟਰ, ਸਰਜੀਕਲ ਦਸਤਾਨੇ, ਰੈਮੀਡੀਸਵਿਰ ਤੇ ਟੋਸੀਲੀਜ਼ੁਮਾਬ ਟੀਕੇ, ਪੀ. ਪੀ. ਈ. ਕਿੱਟਾਂ, ਐਨ-95 ਮਾਸਕ, ਤੀਹਰੀ ਪਰਤ ਵਾਲੇ ਮਾਸਕ, ਰੈਪਿਡ ਐਟੀਜਨ ਕਿੱਟਾਂ, ਵੀ.ਟੀ.ਐਮ. ਕਿੱਟਾਂ, ਕੋਵਿਡ ਕੇਅਰ ਕਿੱਟਾਂ, ਆਕਸੀਜਨ ਸਿਲੰਡਰ, ਦਵਾਈਆਂ, ਉਪਕਰਨ, ਹੈਂਡ ਸੈਨੀਟਾਈਜ਼ਰ, ਟਰੂਨਾਟ ਕਿੱਟਾਂ ਅਤੇ ਹਸਪਤਾਲ ਵਿੱਚ ਹੋਰ ਖਪਤਯੋਗ ਵਸਤਾਂ ਖਰੀਦੀਆਂ ਹਨ। ਇਹ ਫੈਸਲੇ ਵਧਦੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਲਏ ਹਨ। ਮੌਜੂਦਾ ਸਮੇਂ ਇਕ ਦਿਨ ਵਿੱਚ ਔਸਤਨ 9000 ਤੋਂ ਵੱਧ ਕੇਸ ਆ ਰਹੇ ਹਨ। ਕੈਬਨਿਟ ਨੂੰ ਜਾਣਕਾਰੀ ਦਿੰਦਿਆਂ ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ 2 ਤੇ ਲੈਵਲ 3 ਦੇ ਬੈਡਾਂ ਦੀ ਸਮਰੱਥਾ ਵਧਾ ਕੇ ਇਸ ਮਹੀਨੇ ਦੇ ਅੰਤ ਤੱਕ 2000 ਤੱਕ ਕਰਨ ਲਈ ਸੂਬਾ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਮੋਹਾਲੀ `ਤੇ ਬਠਿੰਡਾ (100-100 ਬੈਡਾਂ ਦੀ ਸਮਰੱਥਾ ਵਾਲੇ) ਵਿਖੇ ਆਰਜ਼ੀ ਹਸਪਤਾਲ ਬਣਾਉਣ ’ਤੇ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਤੋਂ ਖਫ਼ਾ ਕਾਂਗਰਸੀ ਮੰਤਰੀਆਂ ਨੇ ਖੋਲ੍ਹਿਆ ਮੋਰਚਾ, ਹਾਈਕਮਾਨ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


 


author

Anuradha

Content Editor

Related News