ਮੀਤ ਹੇਅਰ ਵੱਲੋਂ ਖਿਡਾਰੀਆਂ ਦੀ ਮੈੱਸ ਦੀ ਅਚਨਚੇਤੀ ਚੈਕਿੰਗ, ਮਾੜੇ ਖਾਣੇ ਦਾ ਗੰਭੀਰ ਨੋਟਿਸ ਲੈਂਦਿਆਂ ਕਹੀ ਇਹ ਗੱਲ

01/28/2023 7:59:36 PM

ਚੰਡੀਗੜ੍ਹ/ਐੱਸ.ਏ.ਐੱਸ.ਨਗਰ (ਬਿਊਰੋ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੋਹਾਲੀ ਦੇ ਫੇਜ਼-9 ਸਥਿਤ ਖੇਡ ਕੰਪਲੈਕਸ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐੱਸ.) ਦੇ ਵਿੰਗ ਵਿੱਚ ਮੈੱਸ ਦੀ ਅਚਨਚੇਤੀ ਚੈਕਿੰਗ ਕਰਦਿਆਂ ਖਿਡਾਰੀਆਂ ਨੂੰ ਪਰੋਸੇ ਜਾ ਰਹੇ ਮਾੜੇ ਖਾਣੇ ਦਾ ਗੰਭੀਰ ਨੋਟਿਸ ਲਿਆ ਹੈ। ਖੇਡ ਮੰਤਰੀ ਨੇ ਖੁਦ ਖਾਣਾ ਖਾਧਾ ਅਤੇ ਮੈੱਸ ਵਿੱਚ ਖਾਣਾ ਤਿਆਰ ਕਰਨ ਲਈ ਰੱਖੀ ਸਮੱਗਰੀ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਮੈੱਸ ਦਾ ਖਾਣਾ ਬਿਲਕੁਲ ਵੀ ਤਸੱਲੀਬਖ਼ਸ਼ ਨਹੀਂ ਹੈ।

ਇਹ ਵੀ ਪੜ੍ਹੋ : ਜੇਐੱਨਯੂ, ਜਾਮੀਆ ਤੋਂ ਬਾਅਦ ਹੁਣ ਬੀਬੀਸੀ ਦੀ ਡਾਕੂਮੈਂਟਰੀ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ 'ਚ ਹੰਗਾਮਾ, ਧਾਰਾ-144 ਲਾਗੂ

PunjabKesari

ਉਨ੍ਹਾਂ ਖਾਣੇ ਦੇ ਮਾੜੇ ਮਿਆਰ ਅਤੇ ਖਿਡਾਰੀਆਂ ਲਈ ਲੋੜੀਂਦੀ ਪੌਸ਼ਟਿਕ ਖੁਰਾਕ ਦੀ ਕਮੀ ਨੂੰ ਲੈ ਕੇ ਜਿੱਥੇ ਮੌਕੇ 'ਤੇ ਮੌਜੂਦ ਮੈੱਸ ਕਰਮਚਾਰੀਆਂ ਨੂੰ ਤਾੜਨਾ ਕੀਤੀ, ਉਥੇ ਠੇਕੇਦਾਰ ਨੂੰ ਮੌਕੇ 'ਤੇ ਹੀ ਫੋਨ ਕਰਕੇ ਅਜਿਹਾ ਵਰਤਾਰਾ ਨਾ ਸਹਿਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਡਾਈਟ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਠੇਕੇਦਾਰ ਨੂੰ ਸਪੱਸ਼ਟ ਕਿਹਾ ਕਿ ਅਜਿਹਾ ਦੁਬਾਰਾ ਵਾਪਰਨ 'ਤੇ ਠੇਕਾ ਰੱਦ ਵੀ ਕਰ ਦਿੱਤਾ ਜਾਵੇਗਾ। ਮੀਤ ਹੇਅਰ ਦੇ ਨਿਰਦੇਸ਼ਾਂ 'ਤੇ ਪੀ.ਆਈ.ਐੱਸ. ਵੱਲੋਂ ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ ਖਾਣ ਵਾਲੇ ਮਿਆਰੀ ਉਤਪਾਦ ਹੀ ਵਰਤੇ ਜਾਣ ਅਤੇ ਡਾਈਟ ਲਈ ਲਾਜ਼ਮੀ ਪੌਸ਼ਟਿਕ ਭੋਜਨ ਖਿਡਾਰੀਆਂ ਨੂੰ ਪਰੋਸਿਆ ਜਾਣਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਜਦੋਂ ਮਕਾਨ ਖਾਲੀ ਕਰਵਾਉਣ ਪਹੁੰਚੇ ਕਾਨੂੰਨਗੋ ਤਾਂ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੰਦਿਆਂ ਕਹਿ ਦਿੱਤੀ ਵੱਡੀ ਗੱਲ

PunjabKesari

ਖੇਡ ਮੰਤਰੀ ਨੇ ਸੂਬੇ ਦੀਆਂ ਸਮੂਹ ਮੈੱਸ ਦੇ ਠੇਕੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹੀ ਚੈਕਿੰਗ ਮੁਹਿੰਮ ਸੂਬੇ ਭਰ ਵਿੱਚ ਜਾਰੀ ਰੱਖਣਗੇ ਅਤੇ ਡਾਈਟ 'ਚ ਪਾਈ ਜਾਣ ਵਾਲੀ ਘਾਟ ਤੇ ਮਾੜੇ ਮਿਆਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਨੂੰ ਉਚਿਤ ਡਾਈਟ ਹੀ ਨਹੀਂ ਮਿਲੇਗੀ ਤਾਂ ਬਿਹਤਰ ਨਤੀਜੇ ਕਿਵੇਂ ਆਉਣਗੇ। ਜ਼ਿਕਰਯੋਗ ਹੈ ਕਿ ਪੀ.ਆਈ.ਐੱਸ. ਦੇ ਇਸ ਖੇਡ ਵਿੰਗ ਵਿੱਚ ਹਾਕੀ, ਮੁੱਕੇਬਾਜ਼ੀ, ਕੁਸ਼ਤੀ, ਜੂਡੋ, ਵੇਟਲਿਫਟਿੰਗ, ਬਾਸਕਟਬਾਲ, ਜਿਮਨਾਸਟਿਕ ਦੇ ਕਰੀਬ 350 ਖਿਡਾਰੀ ਸਿਖਲਾਈ ਲੈ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News