ਪ੍ਰੇਸ਼ਾਨ ਸ਼ਰਧਾਲੂਆਂ ਵੱਲੋਂ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ
Monday, Mar 05, 2018 - 03:24 AM (IST)

ਤਪਾ ਮੰਡੀ, (ਸ਼ਾਮ, ਗਰਗ)- ਧਾਰਮਕ ਅਸਥਾਨਾਂ ਕੋਲ ਲੱਗੇ ਕੂੜੇ ਦੇ ਢੇਰਾਂ 'ਚੋਂ ਉਠ ਰਹੀ ਬਦਬੂ ਤੋਂ ਪ੍ਰੇਸ਼ਾਨ ਸ਼ਰਧਾਲੂਆਂ ਨੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਹਾਜ਼ਰ ਸ਼ਰਧਾਲੂ ਜਸਵਿੰਦਰ ਸਿੰਘ ਚੱਠਾ, ਕੁਲਵਿੰਦਰ ਸਿੰਘ ਚੱਠਾ, ਸੀਰਾ ਸਿੰਘ, ਨਾਰਾਇਣ ਸਿੰਘ, ਚੈਂਚਲ ਰਾਜੂ ਕੁਮਾਰ, ਹਰਿੰਦਰ ਸਿੰਘ ਬੁਲਬੁਲ, ਹਰਦੀਪ ਪੋਪਲ ਆਦਿ ਨੇ ਕਿਹਾ ਕਿ ਸ੍ਰੀ ਗੁਰਦੁਆਰਾ ਸਾਹਿਬ ਨੇੜੇ ਬਾਬਾ ਮੱਠ ਕੋਲ ਨਗਰ ਕੌਂਸਲ ਦੀ ਬੰਦ ਪਈ ਮੋਟਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ 'ਚ ਕੂੜੇ ਦੇ ਢੇਰ ਲੱਗੇ ਪਏ ਹਨ, ਜਿਥੇ ਮਰੇ ਕੁੱਤੇ ਅਤੇ ਬਿੱਲੇ ਵੀ ਪਏ ਹੋਣ ਕਾਰਨ ਸਾਰਾ ਦਿਨ ਬਦਬੂ ਮਾਰਦੀ ਰਹਿੰਦੀ ਹੈ। ਸ਼ਰਧਾਲੂਆਂ ਨੂੰ ਬਾਬਾ ਮੱਠ, ਸ੍ਰੀ ਗੁਰਦੁਆਰਾ ਸਾਹਿਬ, ਸ਼ਾਂਤੀ ਹਾਲ, ਰਾਮ ਬਾਗ ਆਦਿ ਧਾਰਮਕ ਅਸਥਾਨਾਂ 'ਤੇ ਆਉਣ-ਜਾਣ ਸਮੇਂ ਨੱਕ 'ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ। ਬੇਸਹਾਰਾ ਪਸ਼ੂ ਮੂੰਹ ਮਾਰ ਕੇ ਕੂੜਾ ਆਲੇ-ਦੁਆਲੇ ਖਿਲਾਰ ਦਿੰਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਗੁਰਦੁਆਰਾ ਸਾਹਿਬ 'ਚ ਅੱਜ ਇਕ ਭੋਗ ਸਮਾਗਮ 'ਚ ਇਕੱਤਰ ਹੋਏ ਲੋਕਾਂ ਨੇ ਨਗਰ ਕੌਂਸਲ ਖਿਲਾਫ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ।
ਕੀ ਕਹਿੰਦੇ ਨੇ ਕੌਂਸਲਰ : ਇਸ ਮੌਕੇ ਹਾਜ਼ਰ ਕੌਂਸਲਰ ਬੁੱਧ ਰਾਮ ਢਿੱਲਵਾਂ ਨੇ ਤੁਰੰਤ ਸਫਾਈ ਇੰਸਪੈਕਟਰ ਨੂੰ ਸੁਨੇਹਾ ਦੇ ਕੇ ਕੂੜੇ ਦੇ ਢੇਰ ਚੁਕਵਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗਲੀ 'ਚ ਅਧੂਰਾ ਪਿਆ ਫਰਸ਼ ਦਾ ਨਿਰਮਾਣ ਵੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ।
ਕੀ ਕਹਿੰਦੇ ਨੇ ਸਫਾਈ ਇੰਸਪੈਕਟਰ : ਸਫਾਈ ਇੰਸਪੈਕਟਰ ਅਮਨਦੀਪ ਸ਼ਰਮਾ ਨੇ ਮੌਕੇ 'ਤੇ ਪੁੱਜ ਕੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਕਿ ਅੱਜ ਐਤਵਾਰ ਹੋਣ ਕਾਰਨ ਸਫਾਈ ਕਰਮਚਾਰੀ ਛੁੱਟੀ 'ਤੇ ਹਨ। ਸੋਮਵਾਰ ਨੂੰ ਸਭ ਤੋਂ ਪਹਿਲਾਂ ਕੂੜੇ ਦੇ ਢੇਰ ਚੁੱਕਵਾ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।