ਪਾਣੀ ਘੱਟ ਤੇ ਬਿੱਲ ਵੱਧ ਆਉਣ ਕਾਰਨ ਭੜਕਿਆ ਲੋਕਾਂ ਦਾ ਗੁੱਸਾ
Thursday, Nov 23, 2017 - 02:00 AM (IST)
ਸ਼ਾਮਚੁਰਾਸੀ, (ਚੁੰਬਰ)- ਪਿੰਡ ਧੁਦਿਆਲ ਵਿਖੇ ਪਾਣੀ ਘੱਟ ਆਉਣ ਅਤੇ ਬਿੱਲ ਵੱਧ ਵਸੂਲਣ 'ਤੇ ਪਿੰਡ ਦੇ ਲੋਕਾਂ ਦਾ ਗੁੱਸਾ ਉਕਤ ਮੁਲਾਜ਼ਮਾਂ 'ਤੇ ਭੜਕ ਜਾਣ ਦਾ ਸਮਾਚਾਰ ਹੈ। ਵੱਡੀ ਗਿਣਤੀ ਵਿਚ ਪਾਣੀ ਦਾ ਬਿੱਲ ਜਮ੍ਹਾ ਕਰਵਾਉਣ ਆਈਆਂ ਔਰਤਾਂ ਤੇ ਮਰਦਾਂ ਨੇ ਪਿੰਡ ਵਿਚ ਪਾਣੀ ਘੱਟ ਆਉਣ ਦੀ ਸ਼ਿਕਾਇਤ ਉਕਤ ਮੁਲਾਜ਼ਮਾਂ ਨੂੰ ਜਿਉਂ ਹੀ ਕੀਤੀ ਤਾਂ ਉਨ੍ਹਾਂ ਵੱਲੋਂ ਕੋਈ ਠੋਸ ਜਵਾਬ ਨਾ ਦਿੱਤਾ ਗਿਆ, ਜਿਸ ਕਾਰਨ ਲੋਕ ਵਾਟਰ ਸਪਲਾਈ ਵਿਭਾਗ ਤੋਂ ਬੇਹੱਦ ਖ਼ਫਾ ਹਨ।
ਲੋਕਾਂ ਨੇ ਕਿਹਾ ਕਿ ਉਕਤ ਮੁਲਾਜ਼ਮ ਪਹਿਲਾਂ ਨਾਲੋਂ ਦੁੱਗਣੇ ਬਿੱਲ ਲੈ ਰਹੇ ਹਨ, ਜਦਕਿ ਪਾਣੀ ਦੀ ਸਪਲਾਈ ਉਨ੍ਹਾਂ ਨੂੰ ਮੁਕੰਮਲ ਰੂਪ ਵਿਚ ਨਹੀਂ ਮਿਲ ਰਹੀ। ਜਦੋਂ ਇਸ ਸਬੰਧੀ ਵਿਭਾਗ ਦੇ ਮੁਲਾਜ਼ਮ ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬਿੱਲ ਵਿਭਾਗ ਵੱਲੋਂ ਵਧਾਏ ਗਏ ਹਨ, ਜਿਸ ਦੀ ਚਿੱਠੀ ਉਹ ਲਿਆ ਕੇ ਪਿੰਡ ਦੇ ਮੋਹਤਬਰ ਆਗੂਆਂ, ਸਰਪੰਚ ਅਤੇ ਹੋਰ ਪੰਚਾਇਤ ਮੈਂਬਰਾਂ ਨੂੰ ਜਲਦ ਲਿਆ ਕੇ ਦੇ ਦੇਣਗੇ।
ਪਿੰਡ ਵਾਸੀਆਂ ਨੇ ਕਿਹਾ ਕਿ ਪਾਣੀ ਦੀ ਸਪਲਾਈ ਪੂਰੀ ਨਹੀਂ ਆ ਰਹੀ ਕਿਉਂਕਿ ਉਕਤ ਟੈਂਕੀ ਤੋਂ ਕੌਹਜਾ ਪਿੰਡ ਨੂੰ ਵੀ ਪਾਣੀ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਟਰ ਸਪਲਾਈ ਆਪ੍ਰੇਟਰ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ। ਇਸ ਮੌਕੇ ਪਿੰਡ ਦੇ ਸਰਪੰਚ ਕੈਪਟਨ ਗੁਰਮੇਲ ਪਾਲ ਸਿੰਘ, ਮੈਂਬਰ ਪੰਚਾਇਤ ਤਰਸੇਮ ਸਿੰਘ, ਸੁਰਜੀਤ ਕੌਰ, ਸੁਖਵੀਰ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਸਾਬੀ ਹੁੰਦਲ, ਕਾਲਾ ਹੁੰਦਲ ਆਦਿ ਪਿੰਡ ਵਾਸੀ ਹਾਜ਼ਰ ਸਨ।
