ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਰੇਲਗੱਡੀ ਹੇਠਾਂ ਆ ਕੀਤੀ ਆਤਮਹੱਤਿਆ

11/25/2017 9:33:41 PM

ਸੰਗਤ ਮੰਡੀ,(ਮਨਜੀਤ)—ਪਿੰਡ ਕੁੱਟੀ ਕਿਸ਼ਨਪੁਰਾ ਵਿਖੇ ਬੀਤੀ ਰਾਤ ਇਕ ਖ਼ੇਤ ਮਜ਼ਦੂਰ ਨੇ ਕਰਜ਼ੇ ਤੋਂ ਤੰਗ ਆ ਕੇ ਬਠਿੰਡਾ-ਬੀਕਾਨੇਰ ਰੇਲਵੇ ਟ੍ਰੈਕ 'ਤੇ ਰੇਲਗੱਡੀ ਹੇਠਾਂ ਆ ਕੇ ਆਤਮਹੱਤਿਆ ਕਰ ਲਈ। ਉਕਤ ਖ਼ੇਤ ਮਜ਼ਦੂਰ ਸਿਰ ਦੋ ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (18) ਪੁੱਤਰ ਕਸ਼ਮੀਰ ਸਿੰਘ ਪਿੰਡ 'ਚ ਬਲਕੌਰ ਸਿੰਘ ਦੇ ਕੰਮ ਲੱਗਿਆ ਹੋਇਆ ਸੀ। ਬੀਤੀ ਰਾਤ ਉਸ ਨੇ ਬੱਗਵਾਲੀ ਰੇਲਵੇ ਸਟੇਸ਼ਨ ਤੋਂ ਸੰਗਤ ਮੰਡੀ ਵੱਲ ਫਾਟਕ ਨੰ. 22 ਨਜ਼ਦੀਕ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਸਰਪੰਚ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਵੱਲੋਂ ਕੁੱਝ ਮਹੀਨੇ ਪਹਿਲਾਂ ਆਪਣੀਆਂ ਦੋ ਲੜਕੀਆਂ ਦਾ ਵਿਆਹ ਕੀਤਾ ਗਿਆ ਸੀ, ਜਿਸ 'ਤੇ ਉਨ੍ਹਾਂ ਦਾ ਕਾਫੀ ਪੈਸਾ ਲੱਗ ਗਿਆ। ਉਸ ਨੇ ਇਹ ਪੈਸੇ ਪਿੰਡ ਦੇ ਵਿਅਕਤੀ ਕੋਲੋਂ ਲਏ ਹੋਏ ਸਨ। ਘਰ ਦੀ ਹਾਲਤ ਮਾੜੀ ਹੋਣ ਕਾਰਨ ਉਹ ਇਹ ਪੈਸੇ ਵਾਪਸ ਕਰਨ 'ਚ ਅਸਮਰੱਥ ਸੀ, ਜਿਸ ਕਾਰਨ ਗੁਰਪ੍ਰੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰੇਲਵੇ ਪੁਲਸ ਵੱਲੋਂ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਹਾਲੇ ਕੁਆਰਾ ਸੀ।


Related News