ਅਨੁਪੂਰਕ ਪ੍ਰੀਖਿਆ ''ਚ ਇਲੈਕਟਿਵ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ਗਾਇਬ

06/24/2017 7:33:41 AM

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਅੱਜ ਲਈ ਗਈ ਅਨੁਪੂਰਕ ਪ੍ਰੀਖਿਆ ਵਿਚ ਘੋਰ ਨਾਲਾਇਕੀ ਕੀਤੀ ਹੈ। ਬੋਰਡ ਵੱਲੋਂ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ ਤਾਂ ਭੇਜ ਦਿੱਤੇ ਗਏ ਪਰ ਪ੍ਰਸ਼ਨ ਪੱਤਰ ਭੇਜੇ ਹੀ ਨਹੀਂ। ਬੋਰਡ ਦੀ ਗਲਤੀ ਕਾਰਨ ਵਿਦਿਆਰਥੀਆਂ ਨੂੰ ਜਿਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਬੋਰਡ ਵੱਲੋਂ ਉਕਤ ਬੱਚਿਆਂ ਦੀ ਪ੍ਰੀਖਿਆ ਦੁਬਾਰਾ ਵੱਖ ਤੋਂ ਲਈ ਜਾਵੇਗੀ।
ਜਾਣਕਾਰੀ ਅਨੁਸਾਰ ਸਰਸਵਤੀ ਸੀਨੀ. ਸੈਕੰ. ਸਕੂਲ ਢਾਬ ਖੜੀਕਾ ਵਿਚ ਉਸ ਸਮੇਂ ਪ੍ਰੀਖਿਆ ਕੇਂਦਰ ਦੇ ਸਟਾਫ ਦੇ ਹੱਥ-ਪੈਰ ਫੁੱਲ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੋਰਡ ਵੱਲੋਂ ਇਲੈਕਟਿਵ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ਹੀ ਨਹੀਂ ਭੇਜੇ ਗਏ। ਅਧਿਆਪਕਾਂ ਨੇ ਤੁਰੰਤ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਕੰਵਲਜੀਤ ਸਿੰਘ ਦੇ ਧਿਆਨ 'ਚ ਮਾਮਲਾ ਲਿਆਂਦਾ ਅਤੇ ਉਨ੍ਹਾਂ ਵੱਲੋਂ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਤੁਰੰਤ ਸੰਪਰਕ ਕਰਦੇ ਹੋਏ ਸਮੱਸਿਆ ਦੇ ਹੱਲ ਲਈ ਰਾਬਤਾ ਕਾਇਮ ਕੀਤਾ ਗਿਆ। ਬੋਰਡ ਵੱਲੋਂ ਅਧਿਕਾਰੀ ਨੂੰ ਕਿਹਾ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਪ੍ਰਸ਼ਨ ਪੱਤਰ ਨਹੀਂ ਆਏ ਹਨ ਉਨ੍ਹਾਂ ਦੀ ਪ੍ਰੀਖਿਆ ਦੁਬਾਰਾ ਲਈ ਜਾਵੇਗੀ।
ਉਧਰ ਦੂਜੇ ਪਾਸੇ ਬੋਰਡ ਵੱਲੋਂ ਲਈ ਗਈ ਪ੍ਰੀਖਿਆ ਲਈ ਜ਼ਿਲੇ ਭਰ ਵਿਚ 16 ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਜਿਨ੍ਹਾਂ 'ਤੇ 100 ਤੋਂ ਵੱਧ ਪ੍ਰੀਖਿਆ ਅਮਲਾ ਤਾਇਨਾਤ ਕੀਤਾ ਗਿਆ ਸੀ। ਹਰੇਕ ਕੇਂਦਰ ਦੇ ਬਾਹਰ ਧਾਰਾ 144 ਲਾਈ ਗਈ ਸੀ। ਸਾਰੇ ਕੇਂਦਰਾਂ 'ਤੇ ਪਾਰਦਰਸ਼ਤਾ ਨਾਲ ਪ੍ਰੀਖਿਆ ਲਈ ਗਈ। ਜ਼ਿਲਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਹਰੇਕ ਕੇਂਦਰ 'ਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਨੇ ਬਾਜ ਅੱਖ ਬਣਾਈ ਰੱਖੀ ਹੈ, ਕਿਤੇ ਵੀ ਨਕਲ ਦੀ ਸੂਚਨਾ ਨਹੀਂ ਆਈ ਹੈ। ਸਿੱਖਿਆ ਵਿਭਾਗ ਨਕਲ ਦੇ ਸਖਤ ਖਿਲਾਫ ਹਨ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਛੇਤੀ ਹੀ ਜਿਨ੍ਹਾਂ ਬੱਚਿਆਂ ਦੀ ਅੱਜ ਪ੍ਰੀਖਿਆ ਨਹੀਂ ਹੋ ਸਕੀ, ਸਬੰਧੀ ਤਰੀਕ ਜਾਰੀ ਕਰ ਦਿੱਤੀ ਜਾਵੇਗੀ।
ਦੂਜੇ ਪਾਸੇ ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ਼ ਐਸੋਸੀਏਸ਼ਨ ਰਾਸਾ ਦੇ ਰਾਜਸੀ ਜਨਰਲ ਸਕੱਤਰ ਪੰ. ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਬੋਰਡ ਵੱਲੋਂ ਕੀਤੀ ਗਈ ਨਾਲਾਇਕੀ ਕਾਰਨ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਜੋ ਅਧਿਕਾਰੀ ਜਾਂ ਕਰਮਚਾਰੀ ਜ਼ਿੰਮੇਵਾਰ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


Related News