ਬਿਜਲੀ ਦੇ ਰੇਟ ਸਰਕਾਰੀ ਘੁਟਾਲਿਆਂ ਕਾਰਨ ਵਧੇ : ਸੁਖਬੀਰ ਬਾਦਲ
Thursday, Jan 09, 2020 - 11:25 PM (IST)
ਦੋਦਾ/ਸ੍ਰੀ ਮੁਕਤਸਰ ਸਾਹਿਬ, (ਲਖਵੀਰ,ਪਵਨ)— ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟ ਵਧਾ ਕੇ ਸ਼ਰੇਆਮ ਆਮ ਲੋਕਾਂ ਦੀਆਂ ਜੇਬਾਂ 'ਤੇ ਹੀ ਨਹੀਂ ਸਗੋਂ ਉਨ੍ਹਾਂ ਦੇ ਦਿਮਾਗਾਂ 'ਤੇ ਵੀ ਬੋਝ ਪਾਇਆ ਜਾ ਰਿਹਾ ਹੈ, ਇਨ੍ਹਾਂ ਤਿੱਖੇ ਲਫਜ਼ਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਿਜਲੀ ਦੇ ਰੇਟ ਪੀ. ਪੀ. ਏ . ਕਰਕੇ ਨਹੀਂ ਵਧੇ, ਸਗੋਂ ਸੂਬਾ ਸਰਕਾਰ ਦੇ ਕੀਤੇ ਘੁਟਾਲਿਆਂ ਕਾਰਣ ਵਧੇ ਹਨ। ਸੁਖਬੀਰ ਸਿੰਘ ਬਾਦਲ ਪਿੰਡ ਕਾਉਣੀ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਨਿਵਾਸ 'ਤੇ ਪੱਤਰਕਾਰਾਂ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਇਕ-ਇਕ ਚਹੇਤੇ ਨੂੰ 15-15 ਸੌ ਕਰੋੜ ਰੁਪਏ ਦਾ ਫਾਇਦਾ ਦਿੱਤਾ ਹੈ। ਆਮ ਲੋਕਾਂ ਦੀ ਜੇਬ 'ਤੇ ਪ੍ਰਤੀ ਯੂਨਿਟ 20 ਤੋਂ 30 ਪੈਸੇ ਵਧਾ ਦਿੱਤੇ ਗਏ, ਜਿਸ ਦਾ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ, ਦਿਆਲ ਸਿੰਘ ਕੋਲਿਆਂ ਵਾਲੀ, ਗੁਰਪਿਆਰ ਸਿੰਘ ਮੱਲ੍ਹਣ, ਸ਼ਮਿੰਦਰ ਢਿੱਲੋਂ, ਮੰਦਰ ਸਿੰਘ, ਗੁਰਜਿੰਦਰ ਉਪਲ, ਨੀਲਾ ਮਾਨ, ਗੁਰਮੀਤ ਮਾਨ ਅਤੇ ਦਰਸ਼ਨ ਕੋਟਲੀ ਆਦਿ ਹਾਜ਼ਰ ਸਨ।