ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

Sunday, Feb 19, 2023 - 06:32 PM (IST)

ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਵਲੋਂ ਬਿਜਲੀ ਦੀ ਬਿਹਤਰ ਸਥਾਨਕ ਵੰਡ ਲਈ ਬਿਜਲੀ ਮੀਟਰ ਹੁਣ ਘਰਾਂ ਤੋਂ ਬਾਹਰ ਤਬਦੀਲ ਕੀਤੇ ਜਾਣੇ ਹਨ। ਪਾਇਲਟ ਪ੍ਰਾਜੈਕਟ ਤਹਿਤ ਸੈਕਟਰ-8 ਤੋਂ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਦੋ ਕੰਪਨੀਆਂ ਨੇ ਅਪਲਾਈ ਕੀਤਾ ਹੈ। ਵਿਭਾਗ ਵਲੋਂ ਇਕ ਹਫ਼ਤੇ ਦੇ ਅੰਦਰ-ਅੰਦਰ ਇਕ ਕੰਪਨੀ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਅਤੇ ਤਿੰਨ ਮਹੀਨਿਆਂ ਵਿਚ 2.52 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਮੁਕੰਮਲ ਕਰ ਲਿਆ ਜਾਵੇਗਾ। ਇਸ ਨਾਲ ਮੀਟਰ ਰੀਡਿੰਗ ਲੈਣਾ ਆਸਾਨ ਹੋਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੀ ਹੋਵੇਗੀ। ਪ੍ਰਸ਼ਾਸਨ ਨੇ ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਹੈ। ਇਸ ਪ੍ਰਾਜੈਕਟ ਨੂੰ ਵੀ ਮੀਟਰ ਲਾਉਣ ਤੋਂ ਬਾਅਦ ਹੀ ਆਪਸ ਵਿਚ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ : ਨੂੰਹ ਨੂੰ ਕੈਨੇਡਾ ਭੇਜਣ ਲਈ ਪਤੀ-ਪਤਨੀ ਦੀਆਂ ਗੱਲਾਂ ’ਚ ਆਇਆ ਸਹੁਰਾ, ਹੋਇਆ ਉਹ ਜੋ ਸੋਚਿਆ ਨਾ ਸੀ

ਇਸ ਸਬੰਧੀ ਮੁੱਖ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਸੈਕਟਰ-8 ਵਿਚ ਪਾਇਲਟ ਪ੍ਰਾਜੈਕਟ ਵਜੋਂ ਉਹ ਸਾਰੇ ਬਿਜਲੀ ਮੀਟਰ ਘਰਾਂ ਤੋਂ ਬਾਹਰ ਸ਼ਿਫਟ ਕਰਨ ਜਾ ਰਹੇ ਹਨ। ਉਹ ਇਕ ਹਫ਼ਤੇ ਵਿਚ ਇਸ ਦਾ ਕੰਮ ਅਲਾਟ ਕਰ ਦੇਣਗੇ, ਜਿਸ ਤੋਂ ਬਾਅਦ ਜਲਦੀ ਹੀ ਇਸ ’ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਨਾਲ ਲੋਕਲ ਡਿਸਟਰੀਬਿਊਸ਼ਨ ’ਚ ਸੁਧਾਰ ਹੋਵੇਗਾ ਕਿਉਂਕਿ ਲੋਕ ਮੀਟਰਾਂ ਨੂੰ ਬਾਹਰ ਸ਼ਿਫਟ ਕਰਨ ਕਰ ਕੇ ਇਨ੍ਹਾਂ ਨਾਲ ਛੇੜਛਾੜ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਵਿਭਾਗ ਲਈ ਮੀਟਰ ਰੀਡਿੰਗ ਲੈਣਾ ਵੀ ਆਸਾਨ ਹੋ ਜਾਵੇਗਾ। ਪਹਿਲਾਂ ਜਿਹੜੇ ਘਰਾਂ ਨੂੰ ਤਾਲੇ ਲੱਗੇ ਹੁੰਦੇ ਸਨ, ਉਨ੍ਹਾਂ ਦੀ ਰੀਡਿੰਗ ਲੈਣ ਵਿਚ ਦਿੱਕਤ ਆਉਂਦੀ ਸੀ। ਇਸ ਦੇ ਨਾਲ ਹੀ ਲੋਕਾਂ ਦੀ ਸ਼ਿਕਾਇਤ ਸੀ ਕਿ ਕਰਮਚਾਰੀਆਂ ਨੂੰ ਰੀਡਿੰਗ ਲੈਣ ਲਈ ਅੰਦਰ ਆਉਣਾ ਪੈਂਦਾ ਹੈ, ਇਸ ਲਈ ਮੀਟਰ ਘਰਾਂ ਦੇ ਬਾਹਰ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਫ਼ਤਿਹਗੜ੍ਹ ਸਾਹਿਬ ਦੀ ਹੈਰਾਨ ਕਰਨ ਵਾਲੀ ਘਟਨਾ, 14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

468 ਸਿੰਗਲ ਫੇਜ਼ ਅਤੇ 874 ਥ੍ਰੀ ਫੇਜ਼ ਮੀਟਰ ਕੀਤੇ ਜਾਣਗੇ ਸ਼ਿਫਟ

ਇਸ ਪ੍ਰਾਜੈਕਟ ਤਹਿਤ ਵਿਭਾਗ ਵਲੋਂ 468 ਸਿੰਗਲ ਫੇਜ਼ ਤੇ 874 ਥ੍ਰੀ ਫੇਜ਼ ਮੀਟਰ ਸ਼ਿਫਟ ਕੀਤੇ ਜਾਣਗੇ। ਇਸ ਤੋਂ ਇਲਾਵਾ ਲਗਭਗ 39 ਐੱਲ. ਟੀ. ਅਤੇ ਸੀ. ਟੀ. ਮੀਟਰ ਵੀ ਸ਼ਿਫਟ ਕੀਤੇ ਜਾਣਗੇ। ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਪਾਇਲਟ ਪ੍ਰਾਜੈਕਟ ਤਹਿਤ ਸਬ-ਡਵੀਜ਼ਨ ਨੰਬਰ 5 ਦੇ ਅੰਦਰ ਘਰਾਂ ਦੇ ਬਾਹਰ ਸਮਾਰਟ ਮੀਟਰ ਸ਼ਿਫਟ ਕੀਤੇ ਹਨ। ਇਸ ਅਧੀਨ ਆਉਂਦੇ ਸੈਕਟਰਾਂ ਅਤੇ ਪਿੰਡਾਂ ਵਿਚ ਇੰਡਸਟਰੀਅਲ ਏਰੀਆ ਫੇਜ਼-1, 2, ਸੈਕਟਰ-29, 31, 47, 48, ਰਾਮ ਦਰਬਾਰ, ਪਿੰਡ ਫੈਦਾ, ਹੱਲੋਮਾਜਰਾ, ਬਹਿਲਾਣਾ, ਰਾਏਪੁਰ ਕਲਾਂ, ਮੱਖਣਮਾਜਰਾ ਅਤੇ ਡਡਵਾ ਆਦਿ ਸ਼ਾਮਲ ਹਨ। ਪ੍ਰਸ਼ਾਸਨ ਨੇ ਪੂਰੇ ਸ਼ਹਿਰ ਵਿਚ ਸਮਾਰਟ ਮੀਟਰ ਵੀ ਲਾਉਣੇ ਸਨ ਪਰ ਉਹ ਪ੍ਰਾਜੈਕਟ ਟਾਲ ਦਿੱਤਾ ਗਿਆ। ਪਾਇਲਟ ਪ੍ਰਾਜੈਕਟ ਤਹਿਤ ਵਿਭਾਗ ਵਲੋਂ ਕੁੱਲ 24 ਹਜ਼ਾਰ ਸਮਾਰਟ ਮੀਟਰ ਲਾਏ ਗਏ ਹਨ, ਜਿਨ੍ਹਾਂ ’ਤੇ 28 ਕਰੋੜ ਰੁਪਏ ਦੀ ਲਾਗਤ ਆਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ 2 ਸਾਥੀ ਗ੍ਰਿਫ਼ਤਾਰ, ਵੀਡੀਓ ਜਾਰੀ ਕਰ ਖੁਦ ਕੀਤੀ ਪੁਸ਼ਟੀ

ਇਸ ਤੋਂ ਇਲਾਵਾ ਵਿਭਾਗ ਨੇ ਸੈਕਟਰ-8 ਵਿਚ ਹੀ ਬਿਜਲੀ ਦੀਆਂ ਹਾਈ ਟੈਂਸ਼ਨ (ਐੱਚ. ਟੀ.) ਅਤੇ ਲੋਅ ਟੈਂਸ਼ਨ (ਐੱਲ. ਟੀ.) ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਕੰਮ ਵੀ ਲਗਭਗ ਮੁਕੰਮਲ ਕਰ ਲਿਆ ਹੈ। ਮੀਟਰ ਤਬਦੀਲ ਹੋਣ ਤੋਂ ਬਾਅਦ ਇਸ ਰਾਹੀਂ ਹੀ ਇਲਾਕੇ ਵਿਚ ਬਿਜਲੀ ਵੰਡੀ ਜਾਵੇਗੀ। ਇਸ ਪ੍ਰਾਜੈਕਟ ਦੇ ਲਾਗੂ ਹੋਣ ਤੋਂ ਬਾਅਦ ਤੂਫਾਨ ਤੋਂ ਬਾਅਦ ਵੀ ਬਿਜਲੀ ਬੰਦ ਨਹੀਂ ਹੋਵੇਗੀ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੀ ਡੇਟਸ਼ੀਟ ’ਚ ਤਬਦੀਲੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News