ਤਨਖਾਹ ਨਾ ਮਿਲਣ ਕਾਰਨ ਬਿਜਲੀ ਕਰਮਚਾਰੀਆਂ ਨੇ ਕੀਤੀ ਰੋਸ ਰੈਲੀ

Monday, Mar 05, 2018 - 06:49 AM (IST)

ਤਨਖਾਹ ਨਾ ਮਿਲਣ ਕਾਰਨ ਬਿਜਲੀ ਕਰਮਚਾਰੀਆਂ ਨੇ ਕੀਤੀ ਰੋਸ ਰੈਲੀ

ਨਥਾਣਾ, (ਬੱਜੋਆਣੀਆਂ)- ਸਬ ਡਵੀਜ਼ਨ ਨਥਾਣਾ ਨਾਲ ਸਬੰਧਤ ਬਿਜਲੀ ਕਰਮਚਾਰੀਆਂ ਨੇ ਉਨ੍ਹਾਂ ਦੀ ਤਨਖਾਹ ਜਾਰੀ ਨਾ ਕਰਨ ਦੇ ਰੋਸ ਵਜੋਂ ਟੀ. ਐੱਸ. ਯੂ. ਦੀ ਅਗਵਾਈ ਹੇਠ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਪਾਵਰ ਕਾਰਪੋਰੇਸ਼ਨ ਦੇ ਨਾਲ-ਨਾਲ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਗੱਲ ਤਨਖਾਹ ਰੁਕਣ ਦੀ ਨਹੀਂ ਹੈ, ਸਗੋਂ ਪੰਜਾਬ ਸਰਕਾਰ ਆਮ ਲੋਕਾਂ ਲਈ ਮਾਰੂ ਸਿੱਧ ਹੋਣ ਵਾਲੇ ਫੈਸਲੇ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਸਿੱਧਾ ਅਸਰ ਸਮਾਜ ਦੇ ਹਰ ਵਰਗ 'ਤੇ ਪੈਣਾ ਹੈ।
 ਬੁਲਾਰਿਆਂ ਦਾ ਦੋਸ਼ ਸੀ ਕਿ ਪੰਜਾਬ ਦਾ ਖਜ਼ਾਨਾ ਮੰਤਰੀ ਸਰਮਾਏਦਾਰਾਂ ਅਤੇ ਬਹੁ-ਕੌਮੀ ਕੰਪਨੀਆਂ ਦਾ ਹੱਥ-ਠੋਕਾ ਬਣਿਆ ਹੋਇਆ ਹੈ, ਜਿਸ ਨੇ ਥਰਮਲ ਪਲਾਂਟ ਬੰਦ ਕਰ ਕੇ ਆਪਣੇ ਅਸਲ ਰੂਪ ਦੀ ਪਹਿਲੀ ਝਲਕ ਵਿਖਾ ਦਿੱਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਰੁਕੀ ਹੋਈ ਤਨਖਾਹ ਤੁਰੰਤ ਜਾਰੀ ਨਾ ਕੀਤੀ ਤਾਂ ਉਹ ਬਿਜਲੀ ਸਪਲਾਈ ਠੱਪ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਰੋਸ ਰੈਲੀ ਨੂੰ ਸਿਕੰਦਰ ਸਿੰਘ, ਮਲਕੀਤ ਸਿੰਘ, ਰਾਜੇਸ਼ ਕੁਮਾਰ, ਹਰਜਿੰਦਰ ਸਿੰਘ, ਪਵਨ ਕੁਮਾਰ ਅਤੇ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। 


Related News