ਬਿਜਲੀ ਵਿਭਾਗ ਦੀ ਵੱਡੀ ਕਾਰਵਾਈ: ਫਿਲੌਰ ਦੇ MLA, SDM ਦਫ਼ਤਰ ਤੇ ਸੁਵਿਧਾ ਕੇਂਦਰਾਂ ਸਣੇ ਕੱਟੇ ਕਈਆਂ ਦੇ ਕੁਨੈਕਸ਼ਨ
Thursday, Oct 20, 2022 - 03:27 AM (IST)
ਗੋਰਾਇਆ (ਮੁਨੀਸ਼) : ਬਿਜਲੀ ਵਿਭਾਗ ਇਸ ਸਮੇਂ ਪੂਰੇ ਐਕਸ਼ਨ ਵਿੱਚ ਹੈ ਅਤੇ ਡਿਫਾਲਟਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰ ਰਿਹਾ ਹੈ। ਗੱਲ ਕੀਤੀ ਜਾਵੇ ਸਬ-ਡਵੀਜ਼ਨ ਪੀਐੱਸਪੀਸੀਐੱਲ ਗੁਰਾਇਆ ਅਧੀਨ ਆਉਂਦੀ ਸਬ-ਤਹਿਸੀਲ ਗੋਰਾਇਆ, ਫਿਲੌਰ, ਅੱਪਰਾ ਦੀ ਤਾਂ ਇਸ ਦੇ ਅਧੀਨ ਆਉਣ ਵਾਲੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਸੁਵਿਧਾ ਕੇਂਦਰਾਂ ਵੱਲ ਮਹਿਕਮੇ ਦਾ ਲੱਖਾਂ ਰੁਪਏ ਬਕਾਇਆ ਬਿਜਲੀ ਦਾ ਬਿੱਲ ਖੜ੍ਹਾ ਹੈ, ਜਿਸ 'ਤੇ ਬੁੱਧਵਾਰ ਵਿਭਾਗ ਨੇ ਕਾਰਵਾਈ ਕਰਦਿਆਂ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ।
ਇਹ ਵੀ ਪੜ੍ਹੋ : ਨਾਭਾ ਵਿਖੇ ਗੋਲ਼ੀ ਲੱਗਣ ਨਾਲ DSP ਦੀ ਭੇਤਭਰੀ ਹਾਲਤ 'ਚ ਮੌਤ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਐੱਸਪੀਸੀਐੱਲ ਦਫ਼ਤਰ ਗੁਰਾਇਆ ਦੇ ਐਕਸੀਅਨ ਹਰਦੀਪ ਕੁਮਾਰ ਤੇ ਐੱਸਡੀਓ ਫਿਲੌਰ ਅਵਤਾਰ ਸਿੰਘ ਨੇ ਦੱਸਿਆ ਕਿ ਹਲਕਾ ਫਿਲੌਰ ਤੋਂ ਵਿਧਾਇਕ ਦੀ ਕੋਠੀ ਦਾ ਲੱਖਾਂ ਰੁਪਏ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ, ਸਬ-ਤਹਿਸੀਲ ਗੋਰਾਇਆ ਅਤੇ ਪਟਵਾਰਖਾਨੇ ਵੱਲ ਕਰੀਬ 14 ਲੱਖ ਰੁਪਏ ਦਾ ਬਿੱਲ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਐੱਸਡੀਐੱਮ ਦਫ਼ਤਰ ਫਿਲੌਰ, ਤਹਿਸੀਲ ਫਿਲੌਰ, ਪਟਵਾਰਖਾਨਾ ਫਿਲੌਰ, ਜੰਗਲਾਤ ਵਿਭਾਗ ਫਿਲੌਰ, ਸੁਵਿਧਾ ਕੇਂਦਰ ਫਿਲੌਰ ਅਤੇ ਹਲਕਾ ਫਿਲੌਰ ਦੇ 8 ਤੋਂ 10 ਸਰਕਾਰੀ ਸਕੂਲਾਂ ਵੱਲ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ, ਜਿਨ੍ਹਾਂ ਵੱਲੋਂ ਬਿੱਲ ਨਹੀਂ ਭਰੇ ਜਾ ਰਹੇ, ਜਿਸ 'ਤੇ ਕਾਰਵਾਈ ਕਰਦਿਆਂ ਇਨ੍ਹਾਂ ਸਾਰੇ ਦਫ਼ਤਰਾਂ ਅਤੇ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਵਿਭਾਗ ਵੱਲੋਂ ਕੱਟ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵਕੀਲ ਜਗਜੋਤ ਸਿੰਘ ਲਾਲੀ ਭਾਰਤ ਦੇ ਡਿਪਟੀ ਸਾਲਿਸਟਰ ਜਨਰਲ ਨਿਯੁਕਤ
ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵੀ ਕਾਰਵਾਈ ਜਾਰੀ ਰਹੇਗੀ ਅਤੇ ਜਿਨ੍ਹਾਂ ਵਿਭਾਗਾਂ ਨੇ ਬਿਜਲੀ ਦੇ ਬਿੱਲ ਨਹੀਂ ਦਿੱਤੇ, ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਕੁਨੈਕਸ਼ਨ ਕੱਟੇ ਜਾਣਗੇ। ਉੱਥੇ ਹੀ ਪਤਾ ਲੱਗਾ ਹੈ ਕਿ ਕਈ ਵਿਭਾਗਾਂ ਕੋਲ ਪੈਸੇ ਤਾਂ ਆਏ ਹੋਏ ਹਨ ਪਰ ਮਨਿਸਟਰੀਅਲ ਹੜਤਾਲ ਹੋਣ ਕਾਰਨ ਪੇਮੈਂਟ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਈ ਵਿਭਾਗਾਂ 'ਤੇ ਕਾਰਵਾਈ ਹੋਈ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਕੁਨੈਕਸ਼ਨ ਕੱਟੇ ਜਾਣ ਕਾਰਨ ਅਧਿਆਪਕਾਂ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਸਰਕਾਰ ਅਤੇ ਵਿਭਾਗ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵੀਰਵਾਰ ਨੂੰ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਕਾਰਾ: ਜ਼ਮੀਨ ਖਾਤਿਰ ਮਾਂ ਨੂੰ ਦਿੱਤੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।