ਮੌਨਸੂਨ ਦੀ ਆਮਦ ਨਾਲ ਬਿਜਲੀ ਦੀ ਮੰਗ 700 ਲੱਖ ਯੂਨਿਟ ਘਟੀ
Friday, Jun 29, 2018 - 07:13 AM (IST)

ਪਟਿਆਲਾ (ਪਰਮੀਤ) - ਪੰਜਾਬ ਵਿਚ ਮੌਨਸੂਨ ਦੀ ਆਮਦ 'ਤੇ ਰਾਜ ਦੇ ਤਕਰੀਬਨ ਹਰ ਖੇਤਰ ਵਿਚ ਮੀਂਹ ਪੈਣ ਦੀ ਬਦੌਲਤ ਸੂਬੇ 'ਚ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਨਤੀਜੇ ਵਜੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਦੇ 3 ਯੂਨਿਟ ਬੰਦ ਕਰ ਦਿੱਤੇ ਹਨ। ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਘਟਾ ਕੇ ਅੱਧਾ ਕਰ ਦਿੱਤਾ ਹੈ।
ਪੰਜਾਬ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਮਗਰੋਂ 26 ਜੂਨ ਨੂੰ ਬਿਜਲੀ ਮੰਗ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ ਸਨ। ਇਹ ਮੰਗ 2665 ਲੱਖ ਯੂਨਿਟ 'ਤੇ ਪਹੁੰਚ ਗਈ ਸੀ। ਹੁਣ ਇਸ ਵਿਚ ਤਕਰੀਬਨ 700 ਲੱਖ ਯੂਨਿਟ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਾਮ ਇਹ ਮੰਗ 1958 ਲੱਖ ਯੂਨਿਟ ਦੇ ਕਰੀਬ ਸੀ। ਪਾਵਰਕਾਮ ਨੇ ਝੋਨੇ ਦੇ ਮੌਜੂਦਾ ਸੀਜ਼ਨ ਵਿਚ ਬਿਜਲੀ ਸਪਲਾਈ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਪਿਛਲੇ ਸਾਲ ਬਿਜਲੀ ਦੀ ਮੰਗ 11400 ਮੈਗਾਵਾਟ ਦੇ ਕਰੀਬ ਰਹੀ ਸੀ। ਐਤਕੀਂ ਇਹ 12564 ਮੈਗਾਵਾਟ ਤੋਂ ਟੱਪ ਗਈ ਸੀ।
ਭਾਰੀ ਬਰਸਾਤ ਦੀ ਬਦੌਲਤ ਪਾਵਰਕਾਮ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰ ਦਿੱਤੇ ਗਏ ਹਨ। ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਵੀ ਇਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟਾਂ ਦੇ ਯੂਨਿਟਾਂ ਤੋਂ ਬਿਜਲੀ ਉਤਪਾਦਨ ਅੱਧਾ ਕਰ ਦਿੱਤਾ ਗਿਆ ਹੈ। ਗੋਇੰਦਵਾਲ ਸਾਹਿਬ ਪਲਾਂਟ ਦਾ ਇਸ ਵੇਲੇ ਇਕ ਹੀ ਯੂਨਿਟ ਚਾਲੂ ਹੈ। ਇਹ ਵੀ ਅੱਧੀ ਸਮਰੱਥਾ 'ਤੇ ਬਿਜਲੀ ਉਤਪਾਦਨ ਕਰ ਰਿਹਾ ਹੈ।
ਡੈਮਾਂ 'ਚ ਪਾਣੀ ਦਾ ਪੱਧਰ ਵਧਿਆ
ਇਸ ਦੌਰਾਨ ਪਿਛਲੇ 24 ਘੰਟਿਆਂ ਤੋਂ ਪਹਾੜੀ ਖੇਤਰਾਂ ਵਿਚ ਹੋ ਰਹੀ ਬਰਸਾਤ ਦੀ ਬਦੌਲਤ ਡੈਮਾਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਭਾਖੜਾ ਡੈਮ ਵਿਚ ਪਿਛਲੇ ਸਾਲ 1564 ਫੁੱਟ ਪਾਣੀ ਦੇ ਮੁਕਾਬਲੇ ਐਤਕੀਂ ਪਾਣੀ ਸਿਰਫ 1491 ਫੁੱਟ ਰਹਿ ਗਿਆ ਹੈ। ਮੰਗਲਵਾਰ ਨੂੰ ਪਾਣੀ ਦਾ ਪੱਧਰ 23527 ਕਿਊਸਿਕ ਸੀ ਜੋ ਵਧ ਕੇ 24104 ਕਿਊਸਿਕ ਹੋ ਗਿਆ ਹੈ। ਡੇਹਰ ਡੈਮ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧ ਗਿਆ ਹੈ। ਇਹ ਪਿਛਲੇ ਸਾਲ 2924 ਫੁੱਟ ਦੇ ਮੁਕਾਬਲੇ 2928 ਫੁੱਟ ਹੈ। ਪਾਣੀ ਦੀ ਆਮਦਨ ਲੰਘੇ ਕੱਲ 6999 ਕਿਊਸਿਕ ਦੀ ਥਾਂ 8014 ਕਿਊਸਿਕ ਹੋ ਗਈ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿਚ ਵੀ ਪਾਣੀ ਦੀ ਆਮਦ ਵਧ ਗਈ ਹੈ। ਇਹ ਪਹਿਲਾਂ 4941 ਕਿਊਸਿਕ ਸੀ। ਹੁਣ ਵਧ ਕੇ 5161 ਕਿਊਸਿਕ ਹੋ ਗਈ ਹੈ।