ਸਕੂਟਰੀ ਤਿਲਕਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
Thursday, Aug 03, 2017 - 06:31 AM (IST)

ਭੂੰਗਾ, (ਭਟੋਆ)- ਭੂੰਗਾ ਤੋਂ ਅੱਭੋਵਾਲ ਲਿੰਕ ਰੋਡ 'ਤੇ ਸਰਕਾਰੀ ਬਾਗ ਕੋਲ ਅਚਾਨਕ ਸਕੂਟਰੀ ਤਿਲਕਣ ਨਾਲ ਬੀਤੀ ਸ਼ਾਮ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਲੜਕੇ ਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਮੇਰਾ ਪਿਤਾ ਸੇਵਾ ਦਾਸ (55) ਪੁੱਤਰ ਸ਼ਰਨ ਦਾਸ ਵਾਸੀ ਪਿੰਡ ਅੱਭੋਵਾਲ, ਜੋ ਕਿ ਪਾਵਰਕਾਮ ਵਿਭਾਗ ਬੁੱਲ੍ਹੋਵਾਲ ਵਿਖੇ ਸਹਾਇਕ ਲਾਈਨਮੈਨ ਵਜੋਂ ਤਾਇਨਾਤ ਸੀ ਅਤੇ ਛੁੱਟੀ ਤੋਂ ਬਾਅਦ ਆਪਣੀ ਐਕਟਿਵਾ ਸਕੂਟਰੀ ਨੰ. ਪੀ ਬੀ 07-ਏ ਬੀ-8378 'ਤੇ ਆਪਣੇ ਪਿੰਡ ਅੱਭੋਵਾਲ ਨੂੰ ਜਾ ਰਿਹਾ ਸੀ। ਜਦੋਂ ਉਹ ਸਰਕਾਰੀ ਬਾਗ ਭੂੰਗਾ ਨਜ਼ਦੀਕ ਪਹੁੰਚਿਆ ਤਾਂ ਸਕੂਟਰੀ ਅਚਾਨਕ ਤਿਲਕ ਗਈ, ਜਿਸ ਨਾਲ ਮੇਰੇ ਪਿਤਾ ਨੂੰ ਅੰਦਰੂਨੀ ਸੱਟਾਂ ਲੱਗ ਗਈਆਂ। ਉਨ੍ਹਾਂ ਨੂੰ ਪਹਿਲਾਂ ਸੀ. ਐੱਚ. ਸੀ. ਭੂੰਗਾ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਜ਼ਿਆਦਾ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਪਰ ਸਿਵਲ ਹੁਸ਼ਿਆਰਪੁਰ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ (ਸੇਵਾ ਦਾਸ) ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਦੇ ਲੜਕੇ ਰਵਿੰਦਰ ਸਿੰਘ ਦੇ ਬਿਆਨਾਂ 'ਤੇ ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।