ਬਿਜਲੀ ਖਪਤਕਾਰਾਂ ਨੂੰ ਲੱਗ ਸਕਦੈ ਵੱਡਾ ਝਟਕਾ
Monday, Nov 11, 2019 - 08:39 PM (IST)

ਚੰਡੀਗੜ੍ਹ/ਪਟਿਆਲਾ,(ਪਰਮੀਤ) : ਪੰਜਾਬ 'ਚ ਬਿਜਲੀ ਖਪਤਕਾਰਾਂ ਨੂੰ ਇਕ ਹੋਰ ਵੱਡਾ ਝਟਕਾ ਦੇਣ ਵੱਲ ਸੇਧੇ ਕਦਮ 'ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ. ਐੱਸ. ਈ. ਆਰ. ਸੀ.) ਕੋਲ ਪਟੀਸ਼ਨ ਦਾਇਰ ਕਰ 1420 ਕਰੋੜ ਰੁਪਏ ਦੀ ਵਸੂਲੀ ਲਈ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਕੀਤੀ ਹੈ।ਜਿਸ ਨਾਲ ਖਪਤਕਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਵਰਕਾਮ ਦੇ ਚੀਫ ਇੰਜੀਨੀਅਰ ਏ. ਆਰ. ਆਰ. ਐਂਡ ਟੀ. ਆਰ. ਵੱਲੋਂ ਰੈਗੂਲੇਟਰੀ ਕਮਿਸ਼ਨ ਕੋਲ ਦਾਇਰ ਕੀਤੀ ਗਈ ਇਸ ਪਟੀਸ਼ਨ 'ਚ ਪਾਵਰਕਾਮ ਨੇ ਦੱਸਿਆ ਕਿ 2 ਪ੍ਰਾਈਵੇਟ ਬਿਜਲੀ ਕੰਪਨੀਆਂ ਨਾਭਾ ਪਾਵਰ ਲਿਮਟਿਡ (ਐੱਨ. ਪੀ. ਐੱਲ.) ਤੇ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ. ਪੀ. ਐੱਲ.) ਨੇ ਉਸ ਖਿਲਾਫ ਕੁਝ ਮੁੱਦਿਆਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਕੇਸ ਕੀਤਾ ਸੀ। ਮਾਣਯੋਗ ਅਦਾਲਤ ਨੇ 1420 ਕਰੋੜ ਰੁਪਏ ਦੀ ਰਕਮ ਇਨ੍ਹਾਂ ਕੰਪਨੀਆਂ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਸਨ।
ਪਾਵਰਕਾਮ ਨੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ 421 ਕਰੋੜ 77 ਲੱਖ 1 ਹਜ਼ਾਰ 158 ਰੁਪਏ ਐੱਨ. ਪੀ. ਐੱਲ. ਨੂੰ ਤੇ 1002 ਕਰੋੜ 5 ਲੱਖ 32 ਹਜ਼ਾਰ 597 ਰੁਪਏ ਟੀ. ਪੀ. ਐੱਲ. ਨੂੰ ਅਦਾ ਕਰ ਦਿੱਤੇ ਹਨ। ਪਟੀਸ਼ਨ 'ਚ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਕਿ ਇਸ ਰਕਮ ਨੂੰ ਕੰਪਨੀ ਪਾਵਰਕਾਮ ਵੱਲੋਂ ਦੋਵਾਂ ਬਿਜਲੀ ਕੰਪਨੀਆਂ ਤੋਂ ਬਿਜਲੀ ਖਰੀਦਣ ਲਈ ਕੀਤਾ ਗਿਆ। ਜਾਇਜ਼ ਖਰਚ ਮੰਨਦਿਆਂ ਇਸ ਵਸੂਲੀ ਨੂੰ ਪਾਵਰਕਾਮ ਦੀਆਂ ਮਾਲੀਆ ਜ਼ਰੂਰਤ ਦਾ ਹਿੱਸਾ ਮੰਨਿਆ ਜਾਵੇ। ਇਹ ਰਾਸ਼ੀ ਖਪਤਕਾਰਾਂ ਤੋਂ ਵਸੂਲਣ ਲਈ ਵੱਖ-ਵੱਖ ਵਰਗਾਂ ਲਈ ਤੈਅ ਬਿਜਲੀ ਦਰਾਂ 'ਚ ਵਾਧਾ ਕੀਤਾ ਜਾਵੇ, ਵਸੂਲੀ ਵੀ ਪਿਛਲੇ ਸਮੇਂ ਤੋਂ ਕੀਤੀ ਜਾਵੇ। ਪਾਵਰਕਾਮ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਇਸ ਪਟੀਸ਼ਨ 'ਤੇ ਫੈਸਲਾ ਜਲਦ ਤੋਂ ਜਲਦ ਲਿਆ ਜਾਵੇ ਤਾਂ ਕਿ ਪਾਵਰਕਾਮ 'ਤੇ ਵਿੱਤੀ ਬੋਝ ਨਾ ਪਵੇ। ਰੈਗੂਲੇਟਰੀ ਕਮਿਸ਼ਨ ਨੇ ਪਾਵਰਕਾਮ ਦੀ ਇਸ ਪਟੀਸ਼ਨ 'ਤੇ ਜਨਤਕ ਇਤਰਾਜ਼ ਮੰਗਦਿਆਂ 4 ਦਸੰਬਰ ਨੂੰ ਕਮਿਸ਼ਨ ਦੇ ਚੰਡੀਗੜ੍ਹ ਦਫਤਰ 'ਚ ਜਨਤਕ ਸੁਣਵਾਈ ਰੱਖ ਦਿੱਤੀ ਹੈ। ਲੋਕਾਂ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਇਤਰਾਜ਼ 9 ਨਵੰਬਰ ਨੂੰ ਪ੍ਰਕਾਸ਼ਤ ਹੋਈ ਸੂਚਨਾ ਦੇ 21 ਦਿਨਾਂ ਦੇ ਅੰਦਰ-ਅੰਦਰ ਕਮਿਸ਼ਨ ਕੋਲ ਪੁੱਜਦੇ ਕਰ ਸਕਦੇ ਹਨ।