''ਡਿਫਾਲਟਰ ਖ਼ਪਤਕਾਰਾਂ'' ਲਈ ਜ਼ਰੂਰੀ ਖ਼ਬਰ, ਹੁਣ ਕੰਮ ਨਹੀਂ ਆਵੇਗੀ ਕੋਈ ਵੀ ਚਲਾਕੀ
Wednesday, Apr 21, 2021 - 09:03 AM (IST)
ਲੁਧਿਆਣਾ (ਸਲੂਜਾ) : ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਦੀ ਆੜ 'ਚ ਬਿਜਲੀ ਮੀਟਰਾਂ ਨੂੰ ਅੱਗ ਦੇ ਹਵਾਲੇ ਕਰਨ ਵਾਲੇ ਖ਼ਪਤਕਾਰਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪਾਵਰਕਾਮ ਲੁਧਿਆਣਾ ਨੇ ਅਜਿਹੇ ਖ਼ਪਤਕਾਰਾਂ ਨਾਲ ਨਜਿੱਠਣ ਲਈ ਇਕ ਅਜਿਹੀ ਰਣਨੀਤੀ ਬਣਾ ਲਈ ਹੈ ਕਿ ਉਨ੍ਹਾਂ ਦੀ ਚਲਾਕੀ ਕਿਸੇ ਕੰਮ ਨਹੀਂ ਆਵੇਗੀ। ਕੇਂਦਰੀ ਜ਼ੋਨ ਪਾਵਰਕਾਮ ਲੁਧਿਆਣਾ ਦੇ ਚੀਫ ਇੰਜੀਨੀਅਰ ਭੁਪਿੰਦਰ ਖੋਸਲਾ ਨੇ ਇਸ ਮਹੱਤਵਪੂਰਨ ਮੁੱਦੇ 'ਤੇ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ 'ਚ ਉਨ੍ਹਾਂ ਇਲਾਕਿਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਨ੍ਹਾਂ 'ਚ ਇਸ ਤਰ੍ਹਾਂ ਦੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਨਾਗਰਿਕ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸਥਾਪਿਤ ਹੋਵੇਗਾ 'ਕਾਲ ਸੈਂਟਰ'
ਇਨ੍ਹਾਂ ਇਲਾਕਿਆਂ 'ਚ ਸਮਾਰਟ ਬਿਜਲੀ ਮੀਟਰ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਮੀਟਰਾਂ ਦਾ ਵਿਭਾਗ ਨੂੰ ਇਹ ਫਾਇਦਾ ਹੋਵੇਗਾ ਕਿ ਜੇਕਰ ਕੋਈ ਵੀ ਡਿਫਾਲਟਰ ਖ਼ਪਤਕਾਰ ਬਿਜਲੀ ਮੀਟਰ ਨਾਲ ਕਿਸੇ ਪੱਧਰ 'ਤੇ ਛੇੜਛਾੜ ਕਰੇਗਾ ਜਾਂ ਫਿਰ ਮੀਟਰ ਨੂੰ ਅੱਗ ਲਾ ਕੇ ਇਹ ਸੋਚੇਗਾ ਕਿ ਹੁਣ ਉਸ ਨੂੰ ਬਿਜਲੀ ਬਿੱਲ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਤਾਂ ਇਹ ਉਸ ਦੀ ਵੱਡੀ ਭੁੱਲ ਹੋਵੇਗੀ ਕਿਉਂਕਿ ਵਿਭਾਗ ਕੋਲ ਸੇਫ 'ਚ ਖ਼ਪਤਕਾਰ ਦਾ ਸਾਰਾ ਬਿਲਿੰਗ ਡਾਟਾ ਖਪਤ ਚੱਲਣ ਦੇ ਨਾਲ ਹੀ ਰਿਕਾਰਡ ਹੋ ਜਾਵੇਗਾ ਕਿ ਇਸ ਖ਼ਪਤਕਾਰ ਦਾ ਮੀਟਰ ਕਿਸ ਤਾਰੀਖ਼ ਨੂੰ ਲੱਗਾ ਸੀ ਅਤੇ ਕਿਸ ਦਿਨ ਮੀਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਇਸ ਨਾਲ ਬਿਜਲੀ ਖ਼ਪਤਕਾਰ ਕੋਲ ਬਿਜਲੀ ਬਿੱਲ ਦੇ ਕੇਸ 'ਚ ਝੂਠ ਬੋਲਣ ਸਬੰਧੀ ਕੋਈ ਗੁੰਜਾਇਸ਼ ਹੀ ਨਹੀਂ ਬਚੇਗੀ। ਜਾਣਕਾਰੀ ਮੁਤਾਬਕ ਅਜਿਹੇ ਖ਼ਪਤਕਾਰਾਂ ਖ਼ਿਲਾਫ਼ ਪਾਵਰਕਾਮ ਬਣਦੀ ਕਾਨੂੰਨੀ ਕਾਰਵਾਈ ਵੀ ਕਰੇਗਾ ਤਾਂ ਜੋ ਜਨਤਾ 'ਚ ਇਹ ਸੁਨੇਹਾ ਜਾਵੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੇ ਖ਼ਪਤਕਾਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ