ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ''ਤੇ ਹੁਣ ਚਲਣ ਲੱਗਾ ਪਾਵਰਕਾਮ ਦਾ ਡੰਡਾ

07/15/2020 1:29:22 PM

ਹੁਸ਼ਿਆਰਪੁਰ (ਅਮਰਿੰਦਰ)— ਪਾਵਰਕਾਮ ਨੇ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਡੋਮੈਸਟਿਕ, ਕਮਰਸ਼ੀਅਲ ਅਤੇ ਸਰਕਾਰੀ ਵਿਭਾਗਾਂ ਉੱਤੇ ਹੁਣ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਸ਼ਿਆਰਪੁਰ ਪਾਵਰਕਾਮ ਸਰਕਲ ਅਧੀਨ ਆਉਂਦੇ ਆਮ ਖਪਤਕਾਰ ਜਿੱਥੇ ਬਿਜਲੀ ਬਿੱਲਾਂ ਦੀ ਅਦਾਇਗੀ ਸਬੰਧੀ ਕਾਫ਼ੀ ਹੁਸ਼ਿਆਰ ਹਨ, ਉਥੇ ਹੀ ਸਰਕਾਰੀ ਮਹਿਕਮੇ ਪਾਵਰਕਾਮ ਨੂੰ ਸਹਿਯੋਗ ਦੇਣ 'ਚ ਕੋਈ ਦਿਲਚਸਪੀ ਨਹੀਂ ਵਿਖਾ ਰਹੇ।

ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ ਆਮ ਬਿਜਲੀ ਖਪਤਕਾਰਾਂ 'ਤੇ ਜਿੱਥੇ 10 ਕਰੋੜ ਰੁਪਏ ਬਾਕਾਇਆ ਹੈ ਉਥੇ ਹੀ ਸਰਕਾਰੀ ਵਿਭਾਗ ਇਸ ਸਮੇਂ ਪਾਵਰਕਾਮ ਦਾ ਕਰੀਬ 196 ਕਰੋੜ ਰੁਪਏ ਦਾ ਡਿਫਾਲਟਰ ਹੈ। ਪਾਵਰਕਾਮ ਮੁੱਖ ਦਫ਼ਤਰ ਦੇ ਨਿਰਦੇਸ਼ 'ਤੇ ਜਦੋਂ ਪਾਵਰਕਾਮ ਨੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕੀਤੇ ਤਾਂ 10 ਜੁਲਾਈ ਤੱਕ ਡੋਮੈਸਟਿਕ 240 ਡਿਫਾਲਟਰਾਂ ਵੱਲੋਂ 48 ਲੱਖ ਰੁਪਏ ਜਮ੍ਹਾਂ ਹੋਏ ਹਨ, ਉਥੇ ਹੀ ਸਰਕਾਰੀ ਮਹਿਕਮੇ ਦੇ 40 ਡਿਫਾਲਟਰਾਂ ਵੱਲੋਂ 49.92 ਲੱਖ ਰੁਪਏ ਜਮ੍ਹਾ ਹੋਏ ਹਨ।

ਪਾਵਰਕਾਮ ਲਈ ਗਲੇ ਦੀ ਹੱਡੀ ਬਣੀ ਬਾਕਾਇਆ ਰਕਮ
ਪਾਵਰਕਾਮ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਵਿਭਾਗ ਹੀ ਬਿਜਲੀ ਦੇ ਬਿੱਲਾਂ ਦਾ ਭੁਗਤਾਨੇ ਨਹੀਂ ਕਰ ਰਹੇ ਹਨ। ਇਨ੍ਹਾਂ ਤੋਂ ਵਸੂਲੀ ਕਰਨ ਵਿਚ ਬਿਜਲੀ ਵਿਭਾਗ ਦੇ ਪਸੀਨੇ ਛੁੱਟ ਰਹੇ ਹਨ, ਕਿਉਂਕਿ ਕਈ ਸਰਕਾਰੀ ਵਿਭਾਗਾਂ ਦੇ ਸਿੱਧੇ ਤੌਰ 'ਤੇ ਪਬਲਿਕ ਨਾਲ ਜੁੜੇ ਹੋਣ ਕਾਰਨ ਪਾਵਰਕਾਮ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਹੈ। ਅਜਿਹਾ ਨਹੀਂ ਕਿ ਪਾਵਰਕਾਮ ਇਸ ਲਈ ਕੋਸ਼ਿਸ਼ ਨਹੀਂ ਕਰ ਰਿਹਾ ਹੈ, ਪਾਵਰਕਾਮ ਅਧਿਕਾਰੀਆਂ ਅਨੁਸਾਰ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਸਰਕਾਰੀ ਵਿਭਾਗ ਪਾਵਰਕਾਮ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

ਹੁਣ ਕੱਟੇ ਜਾਣਗੇ ਕੁਨੈਕਸ਼ਨ
ਪਾਵਰਕਾਮ ਮੁੱਖ ਦਫਤਰ ਵੱਲੋਂ ਜਾਰੀ ਨਿਰਦੇਸ਼ਾਂ ਉੱਤੇ ਗੈਰ ਸਰਕਾਰੀ 1323 ਅਤੇ ਸਰਕਾਰੀ 60 ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਜੇਕਰ ਸਰਕਾਰੀ ਮਹਿਕਮਿਆਂ ਦੀ ਗੱਲ ਕਰੀਏ ਤਾਂ ਇਕੱਲੇ ਵਾਟਰ ਸਪਲਾਈ ਮਹਿਕਮੇ ਉੱਤੇ 18,261 ਲੱਖ ਰੁਪਏ ਬਾਕਾਇਆ ਹੈ, ਉਥੇ ਹੀ ਸਿਹਤ ਵਿਭਾਗ ਉੱਤੇ 557 ਲੱਖ, ਰੈਵੇਨਿਊ ਵਿਭਾਗ ਉੱਤੇ 98.86 ਲੱਖ ਰੁਪਏ ਬਾਕਾਇਆ ਹੈ। ਪਾਵਰਕਾਮ ਨੇ ਹੁਣ ਜ਼ਰੂਰੀ ਸੇਵਾਵਾਂ ਵਾਲੇ ਸਰਕਾਰੀ ਵਿਭਾਗਾਂ ਨੂੰ ਛੱਡ ਕੇ ਬਾਕੀਆਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ।


shivani attri

Content Editor

Related News