ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵਿਭਾਗ ਨੇ ਚੁੱਕ ਲਿਆ ਵੱਡਾ ਕਦਮ, ਜਾਰੀ ਹੋਏ ਨਵੇਂ ਹੁਕਮ
Saturday, Jan 03, 2026 - 04:58 PM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐੱਲ.) ਨੇ ਬਿਜਲੀ ਵੰਡ ਦੇ ਖੇਤਰ ’ਚ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵੱਲ ਇਕ ਇਤਿਹਾਸਕ ਕਦਮ ਚੁੱਕਦਿਆਂ ਫੀਲਡ ਕਾਰਜਾਂ ਲਈ ਮਹਿਲਾਵਾਂ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਨਿਵੇਕਲੀ ਪਹਿਲਕਦਮੀ ਤਹਿਤ ਹੁਣ ਮਹਿਲਾ ਕਰਮਚਾਰੀ ਸ਼ਹਿਰ ਦੇ ਘਰ-ਘਰ ਜਾ ਕੇ ਬਿਜਲੀ ਦੇ ਮੀਟਰ ਪੜ੍ਹਨਗੀਆਂ ਤੇ ਬਿੱਲ ਵੰਡਣਗੀਆਂ। ਪ੍ਰੋਗਰਾਮ ਦੇ ਪਹਿਲੇ ਪੜਾਅ ’ਚ 35 ਮਹਿਲਾਵਾਂ ਨੇ ਫੀਲਡ ’ਚ ਕੰਮ ਸੰਭਾਲ ਲਿਆ ਹੈ, ਜਦਕਿ ਵਿਭਾਗ ਵੱਲੋਂ ਕੁੱਲ 60 ਮਹਿਲਾਵਾਂ ਦੀ ਨਿਯੁਕਤੀ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦਾ ਮੁੱਖ ਮਕਸਦ ਫਰੰਟਲਾਈਨ ਭੂਮਿਕਾਵਾਂ ’ਚ ਮਹਿਲਾਵਾਂ ਦੀ ਭਾਗੀਦਾਰੀ 50 ਫੀਸਦੀ ਤੱਕ ਪਹੁੰਚਾਉਣਾ ਹੈ, ਜੋ ਕਿ ਹੁਣ ਤੱਕ ਮਰਦਾਂ ਦੇ ਦਬਦਬੇ ਵਾਲਾ ਖੇਤਰ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਜਾਰੀ ਹੋਈਆਂ ਸਾਲ ਦੀਆਂ ਛੁੱਟੀਆਂ ਨੂੰ ਲੈ ਕੇ ਪੈ ਗਿਆ ਰੌਲਾ
ਚੋਣਵੇਂ ਖੇਤਰਾਂ ’ਚ ਮਹਿਲਾਵਾਂ ਦੀ ਸੁਰੱਖਿਆ ਲਈ ਸੁਪਰਵਾਈਜ਼ਰ ਰਹਿਣਗੇ ਤਾਇਨਾਤ
ਫੀਲਡ ’ਚ ਤਾਇਨਾਤ ਮਹਿਲਾਵਾਂ ਕਰਮਚਾਰੀ ਆਧੁਨਿਕ ਹੈਂਡਹੈਲਡ ਡਿਵਾਈਸਾਂ ਦੀ ਮਦਦ ਨਾਲ ਮੀਟਰ ਰੀਡਿੰਗ ਲੈਣਗੀਆਂ ਤੇ ਬਿਜਲੀ ਦੀ ਖਪਤ ਦੇ ਅੰਕੜਿਆਂ ਨੂੰ ਪੂਰੀ ਸ਼ੁੱਧਤਾ ਨਾਲ ਰਿਕਾਰਡ ਕਰਨਗੀਆਂ। ਇਸ ਦੇ ਨਾਲ ਹੀ ਉਹ ਸਮੇਂ ਸਿਰ ਬਿੱਲਾਂ ਦੀ ਵੰਡ ਯਕੀਨੀ ਬਣਾਉਣਗੀਆਂ ਤੇ ਖਪਤਕਾਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਦਿਆਂ ਗੰਭੀਰ ਮਾਮਲਿਆਂ ਨੂੰ ਸੁਪਰਵਾਈਜ਼ਰੀ ਟੀਮਾਂ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਸੀ.ਪੀ.ਡੀ.ਐਲ. ਵੱਲੋਂ ਇਨ੍ਹਾਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਸਖ਼ਤ ਪ੍ਰੋਟੋਕੋਲ ਵੀ ਲਾਗੂ ਕੀਤੇ ਗਏ ਹਨ। ਇਸ ਪ੍ਰਣਾਲੀ ’ਚ ਜ਼ਰੂਰੀ ਮੋਬਾਈਲ ਚੈੱਕ-ਇਨ ਤੇ ਐਮਰਜੈਂਸੀ ਐਸਕੇਲੇਸ਼ਨ ਸਿਸਟਮ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੋਣਵੇਂ ਸਥਾਨਾਂ ’ਤੇ ਮਹਿਲਾਵਾਂ ਦੀ ਸਹਾਇਤਾ ਲਈ ਸੁਪਰਵਾਈਜ਼ਰ ਵੀ ਮੌਜੂਦ ਰਹਿਣਗੇ ਤਾਂ ਜੋ ਉਹ ਇਕ ਸੁਰੱਖਿਅਤ ਅਤੇ ਪੇਸ਼ੇਵਰ ਮਾਹੌਲ ’ਚ ਆਪਣੀ ਡਿਊਟੀ ਨਿਭਾ ਸਕਣ। ਇਹ ਯੋਜਨਾ ਸ਼ਹਿਰ ਦੇ ਹੋਰਨਾਂ ਖੇਤਰਾਂ ’ਚ ਵੀ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤੀਆਂ ਤਰੱਕੀਆਂ
ਫਰੰਟਲਾਈਨ ਭੂਮਿਕਾਵਾਂ ’ਚ ਮਹਿਲਾਵਾਂ ਨਾਲ ਬਿਜਲੀ ਸੇਵਾਵਾਂ ਹੋਣਗੀਆਂ ਹੋਰ ਲੋਕ-ਪੱਖੀ : ਅਰੁਣ ਵਰਮਾ
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਸਾਨੂੰ ਬਿਜਲੀ ਵੰਡ ਖੇਤਰ ’ਚ ਇਸ ਵੱਡੀ ਤਬਦੀਲੀ ਦੀ ਅਗਵਾਈ ਕਰਨ ''ਤੇ ਮਾਣ ਹੈ। ਮਹਿਲਾਵਾਂ ਨੂੰ ਮੀਟਰ ਰੀਡਿੰਗ ਅਤੇ ਫੀਲਡ ਸੰਚਾਲਨ ਵਰਗੀਆਂ ਫਰੰਟਲਾਈਨ ਜ਼ਿੰਮੇਵਾਰੀਆਂ ਸੌਂਪਣ ਨਾਲ ਨਾ ਸਿਰਫ਼ ਕਾਰਜਕੁਸ਼ਲਤਾ ’ਚ ਸੁਧਾਰ ਹੋਵੇਗਾ, ਸਗੋਂ ਜਨਤਕ ਸੇਵਾਵਾਂ ’ਚ ਵਧੇਰੇ ਸੰਮਲਿਤ ਤੇ ਲੋਕ-ਪੱਖੀ ਪਹੁੰਚ ਯਕੀਨੀ ਬਣੇਗੀ। ਬਿਜਲੀ ਖੇਤਰ ’ਚ ਇਸ ਤਬਦੀਲੀ ਦੀ ਚਰਚਾ ਸਾਲਾਂ ਤੋਂ ਹੋ ਰਹੀ ਸੀ, ਜੋ ਹੁਣ ਜ਼ਮੀਨੀ ਪੱਧਰ ’ਤੇ ਹਕੀਕਤ ਬਣ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
