ਕੱਪੜੇ ਸੁਕਾਉਣ ਵਾਲੀ ਤਾਰ 'ਚ ਆਇਆ ਕਰੰਟ, ਇਕ ਦੀ ਮੌਤ

10/10/2019 8:20:14 PM

ਰੂਪਨਗਰ,(ਸੱਜਨ ਸੈਣੀ): ਰੂਪਨਗਰ ਦੀ ਗਾਰਡਨ ਕਲੋਨੀ ਵਿਖੇ ਕੱਪੜੇ ਸੁਕਾਉਣ ਵਾਲੀ ਤਾਰ 'ਚ ਬਿਜਲੀ ਦਾ ਕਰੰਟ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਰੂਪਨਗਰ ਸਿਟੀ ਥਾਣਾ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਕਤ ਮ੍ਰਿਤਕ ਦੀ ਪਛਾਣ ਪ੍ਰੇਮ ਸਾਗਰ (35) ਪੁੱਤਰ ਰਾਮ ਬੋਧ ਵਾਸੀ ਗੋਰਖ਼ਪੁਰ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਗਾਰਡਨ ਕਲੋਨੀ ਰੂਪਨਗਰ ਵਜੋਂ ਹੋਈ ਹੈ। ਉਸ ਦੇ ਭਰਾ ਜੈ ਹਿੰਦ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਮਰੇ ਤੋਂ ਬਾਹਰ ਕੱਪੜੇ ਧੋ ਕੇ ਸੁਕਾਉਣ ਲਈ ਜਿਵੇਂ ਹੀ ਤਾਰ 'ਤੇ ਪਾਏ ਤਾਂ ਉਸ 'ਚ ਬਿਜਲੀ ਦਾ ਕਰੰਟ ਆ ਗਿਆ, ਜਿਸ ਕਾਰਨ ਉਸ ਦਾ ਭਰਾ ਕਰੰਟ ਨਾਲ ਗਿੱਲੇ ਕੱਪੜਿਆਂ 'ਚ ਹੀ ਚਿਪਕ ਗਿਆ। ਕੁੱਝ ਦੇਰ ਬਾਅਦ ਉਸ ਦੇ ਸਾਥੀਆਂ ਵਲੋਂ ਉਸ ਨੂੰ ਕਿਸੇ ਤਰੀਕੇ ਨਾਲ ਬਿਜਲੀ ਦੇ ਕਰੰਟ ਤੋਂ ਛੁਡਵਾ ਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ, ਤਿੰਨ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ। ਇੱਥੇ ਰੂਪਨਗਰ ਵਿਖੇ ਉਹ ਟਾਈਲ ਮਾਰਬਲ ਲਗਾਉਣ ਦੇ ਮਿਸਤਰੀ ਵਜੋਂ ਕੰਮ ਕਰਦਾ ਸੀ। ਪੋਸਟ ਮਾਰਟਮ ਉਪਰੰਤ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਲੈ ਕੇ ਆਪਣੇ ਪੈਤ੍ਰਕ ਥਾਂ ਗੋਰਖ਼ਪੁਰ ਨੂੰ ਰਵਾਨਾ ਹੋ ਗਏ।


Related News