ਚੰਡੀਗੜ੍ਹ ਵਾਸੀਆਂ ਨੂੰ ਇਲੈਕਟ੍ਰਿਕ ਬੱਸਾਂ ਲਈ ਅਜੇ ਕਰਨਾ ਪਵੇਗਾ ਥੋੜ੍ਹਾ ਹੋਰ ਇੰਤਜ਼ਾਰ

Thursday, Sep 30, 2021 - 12:56 PM (IST)

ਚੰਡੀਗੜ੍ਹ ਵਾਸੀਆਂ ਨੂੰ ਇਲੈਕਟ੍ਰਿਕ ਬੱਸਾਂ ਲਈ ਅਜੇ ਕਰਨਾ ਪਵੇਗਾ ਥੋੜ੍ਹਾ ਹੋਰ ਇੰਤਜ਼ਾਰ

ਚੰਡੀਗੜ੍ਹ (ਰਜਿੰਦਰ) : ਸ਼ਹਿਰ ਵਾਸੀਆਂ ਨੂੰ ਇਲੈਕਟ੍ਰਿਕ ਬੱਸਾਂ ਲਈ ਫਿਲਹਾਲ ਕੁੱਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪਹਿਲਾਂ ਯੂ. ਟੀ. ਪ੍ਰਸ਼ਾਸਨ ਨੂੰ 30 ਸਤੰਬਰ ਤੱਕ 19 ਈ-ਬੱਸਾਂ ਦੀ ਡਲਿਵਰੀ ਮਿਲਣੀ ਸੀ, ਹੁਣ ਉਹ 10 ਅਕਤੂਬਰ ਤੱਕ ਹੀ ਚੰਡੀਗੜ੍ਹ ਪਹੁੰਚ ਸਕਣਗੀਆਂ। ਇਸ ਨਾਲ ਲੋਕਾਂ ਦਾ ਈ-ਬੱਸਾਂ ਵਿਚ ਸਫ਼ਰ ਕਰਨ ਦਾ ਇੰਤਜ਼ਾਰ ਵੱਧ ਜਾਵੇਗਾ। ਅਜੇ ਸ਼ਹਿਰ ਵਿਚ ਸਿਰਫ ਇਕ ਈ-ਬੱਸ ਹੀ ਆਈ ਹੈ, ਜੋ 54 ਦਿਨਾਂ ਤੋਂ ਟ੍ਰਾਇਲ ’ਤੇ ਚੱਲ ਰਹੀ ਹੈ। 11 ਅਗਸਤ ਨੂੰ ਸਾਬਕਾ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਵਿਖਾਈ ਸੀ। 54 ਦਿਨ ਦੇ ਟ੍ਰਾਇਲ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਨ੍ਹਾਂ ਬੱਸਾਂ ਤੋਂ ਸੰਤੁਸ਼ਟ ਹਨ।
ਕੁੱਝ ਪਾਰਟਸ ਮਿਲਣ ’ਚ ਆਈ ਸਮੱਸਿਆ
ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਅਕਤੂਬਰ ਵਿਚ ਸਾਰੀਆਂ 40 ਈ-ਬੱਸਾਂ ਚੰਡੀਗੜ੍ਹ ਪਹੁੰਚ ਜਾਣਗੀਆਂ, ਜਿਨ੍ਹਾਂ ਨੂੰ ਰੂਟ ’ਤੇ ਚਲਾਇਆ ਜਾਵੇਗਾ ਪਰ ਕੋਵਿਡ ਕਾਰਨ ਕੁਝ ਪਾਰਟਸ ਮਿਲਣ ਵਿਚ ਕੰਪਨੀ ਨੂੰ ਸਮੱਸਿਆ ਆਈ ਹੈ, ਜਿਸ ਕਾਰਨ ਦੇਰੀ ਹੋਈ ਹੈ ਅਤੇ ਬੱਸਾਂ ਦੇ ਚੰਡੀਗੜ੍ਹ ਪਹੁੰਚਣ ਦੀ ਸਮਾਂ ਹੱਦ ’ਚ ਬਦਲਾਅ ਕੀਤਾ ਗਿਆ ਹੈ। ਹੁਣ 19 ਬੱਸਾਂ 10 ਅਕਤੂਬਰ ਤਕ ਅਤੇ ਸਾਰੀਆਂ 40 ਬੱਸਾਂ ਨਵੰਬਰ ਦੇ ਅੰਤ ਤਕ ਪਹੁੰਚਣਗੀਆਂ। ਇਸਤੋਂ ਬਾਅਦ ਹੀ ਬੱਸਾਂ ਨੂੰ ਰੂਟ ’ਤੇ ਚਲਾਇਆ ਜਾਵੇਗਾ।
ਬੱਸ ’ਚ 36 ਲੋਕਾਂ ਦੇ ਬੈਠਣ ਲਈ ਜਗ੍ਹਾ
40 ਇਲੈਕਟ੍ਰਿਕ ਬੱਸਾਂ ਲਈ ਸੀ. ਟੀ. ਯੂ. ਦਾ ਅਸ਼ੋਕ ਲੇਲੈਂਡ ਕੰਪਨੀ ਨਾਲ ਕਰਾਰ ਹੋਇਆ ਹੈ। ਬੱਸ ਵਿਚ 36 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ ਅਤੇ ਵੱਧ ਤੋਂ ਵੱਧ ਇਕ ਸਮੇਂ ਵਿਚ 54 ਲੋਕ ਸਫ਼ਰ ਕਰ ਸਕਣਗੇ। ਬੱਸ 2 ਤੋਂ 3 ਘੰਟਿਆਂ ਵਿਚ ਫੁੱਲ ਚਾਰਜ ਹੋ ਜਾਵੇਗੀ ਅਤੇ ਇਕ ਵਾਰ ਚਾਰਜ ਹੋਣ ਤੋਂ ਬਾਅਦ ਬੱਸ 140 ਕਿ. ਮੀ. ਚੱਲੇਗੀ। ਇਕ ਦਿਨ ਵਿਚ ਬੱਸ 200 ਤੋਂ 300 ਕਿ. ਮੀ. ਤਕ ਚੱਲੇਗੀ। ਫਾਸਟ ਚਾਰਜਿੰਗ ਬੈਟਰੀ ਹਨ। ਸੈਕਟਰ-25 ਦੇ ਡਿਪੂ ਨੰਬਰ-3 ਵਿਚ ਚਾਰਜਿੰਗ ਸਟੇਸ਼ਨ ਬਣਾਇਆ ਗਿਆ। ਇਸ ਬੱਸ ਵਿਚ ਅੱਗ ਦਾ ਪਤਾ ਲਾਉਣ ਅਤੇ ਅਲਾਰਮ ਸਿਸਟਮ (ਐੱਫ. ਡੀ. ਐੱਸ. ਐੱਸ.) ਵੀ ਲਾਇਆ ਗਿਆ ਹੈ। ਕਰਾਰ ਅਨੁਸਾਰ ਬੱਸ ਡਰਾਈਵਰ, ਚਾਰਜਿੰਗ ਸਟੇਸ਼ਨ ਅਤੇ ਸਾਂਭ-ਸੰਭਾਲ ਦਾ ਜ਼ਿੰਮਾ ਕੰਪਨੀ ਦਾ ਹੀ ਹੋਵੇਗਾ। ਹਾਲਾਂਕਿ ਬੱਸ ਵਿਚ ਕੰਡਕਟਰ ਸੀ. ਟੀ. ਯੂ. ਦਾ ਹੋਵੇਗਾ। ਵਿਭਾਗ ਕੰਪਨੀ ਨੂੰ ਪ੍ਰਤੀ ਕਿ. ਮੀ. 60 ਰੁਪਏ ਦਾ ਭੁਗਤਾਨ ਕਰੇਗਾ।


author

Babita

Content Editor

Related News