ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਪਾਰਟੀ ਦੇ ਰੂਪ ’ਚ ਉੱਭਰੀ, 2022 ’ਚ ਜਿੱਤ ਤੈਅ : ਸੁਖਬੀਰ ਬਾਦਲ
Thursday, Feb 18, 2021 - 10:12 AM (IST)
ਜਲੰਧਰ (ਬਿਊਰੋ) - ਕਿਸਾਨ ਅੰਦੋਲਨ ਦਰਮਿਆਨ ਪੰਜਾਬ ਦੀਆਂ ਸਥਾਨਕ ਸਰਕਾਰਾਂ ਚੋਣਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਤਮਾਮ ਕਿਆਸ ਅਰਾਈਆਂ ’ਤੇ ਵਿਰ੍ਹਾਮ ਲਗਾ ਦਿੱਤਾ ਹੈ। 285 ਸੀਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਦੂਜੀ ਵੱਡੀ ਪਾਰਟੀ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਈ ਹੈ। ਇਨ੍ਹਾਂ ਨਤੀਜਿਆਂ ਨੇ ਪੰਜਾਬ ਦੇ ਰਾਜਨੀਤਕ ਸਮੀਕਰਨ ਕੁਝ ਇਸ ਤਰ੍ਹਾਂ ਬਦਲ ਦਿੱਤੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੁਣ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਦੇਣ ਦੀ ਮੁਦਰਾ ਵਿਚ ਹੈ। ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਅਕਾਲੀ ਦਲ ਜਿੱਤ ਦਾ ਪਰਚਮ ਲਹਿਰਾਉਂਦੇ ਹੋਏ ਪੰਜਾਬ ਦੀ ਵਾਗਡੋਰ ਸੰਭਾਲੇਗਾ। ਸਥਾਨਕ ਸਰਕਾਰਾਂ ਚੋਣਾਂ ਦੇ ਨਤੀਜੇ ਅਤੇ 2022 ਵਿਧਾਨਸਭਾ ਚੋਣਾਂ ਨਾਲ ਵਲੋਂ ਜੁੜੇ ਸਵਾਲਾਂ ’ਤੇ ‘ਜਗ ਬਾਣੀ’ ਦੇ ਅਸ਼ਵਨੀ ਕੁਮਾਰ ਨੇ ਸੁਖਬੀਰ ਬਾਦਲ ਨਾਲ ਵਿਸ਼ੇਸ਼ ਗੱਲਬਾਤ ਕੀਤੀ।
1. ਪੰਜਾਬ ਵਿਚ ਹੋਈਆਂ ਸਥਾਨਕ ਸਰਕਾਰਾਂ ਚੋਣਾਂ ਦੇ ਨਤੀਜਿਆਂ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਜਵਾਬ - ਕਾਂਗਰਸ ਪਾਰਟੀ ਨੇ ਸਰਕਾਰ ਸਪਾਂਸਰਡ ਦਮਨ ਦਾ ਸਹਾਰਾ ਲੈ ਕੇ ਸਥਾਨਕ ਸਰਕਾਰਾਂ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਹੈ, ਸਗੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਮਿਲੀ ਜਿੱਤ ਹੈ। ਪੂਰੀ ਚੋਣ ਪ੍ਰਕਿਰਿਆ ਵਿਚ ਇਕੱਲੇ ਅਕਾਲੀ ਦਲ ਦੇ 500 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਅਤੇ ਹੋਰ ਪਾਰਟੀਆਂ ਦੇ ਵੀ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਬੂਥ ਕੈਪਚਰਿੰਗ ਕੀਤੀ ਗਈ। ਡੰਡਾਤੰਤਰ ਦੇ ਭਰੋਸੇ ਵੋਟਾਂ ਪਵਾਈਆਂ ਗਈਆਂ। ਜਿਸ ਰਾਜ ਵਿਚ ਸਭ ਤੋਂ ਵੱਡੀ ਪਾਰਟੀ ਦੇ ਪ੍ਰਧਾਨ ’ਤੇ ਹਮਲਾ ਹੋ ਜਾਂਦਾ ਹੈ, ਉੱਥੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਦਾਅਵਾ ਤਾਂ ਕਿਤੇ ਪਿੱਛੇ ਛੁੱਟ ਗਿਆ ਨਜ਼ਰ ਆਉਂਦਾ ਹੈ।
2. ਇਨ੍ਹਾਂ ਨਤੀਜਿਆਂ ਦੇ ਆਧਾਰ ’ਤੇ 2022 ਦੀਆਂ ਵਿਧਾਨਸਭਾ ਚੋਣਾਂ ਸਬੰਧੀ ਕੁੱਝ ਕਹਿਣਾ ਚਾਹੋਗੇ?
ਜਵਾਬ - ਇਤਿਹਾਸ ਤਾਂ ਇਹੀ ਰਿਹਾ ਹੈ, ਜੋ ਪਾਰਟੀ ਰਨਰਅਪ ਰਹੀ ਹੈ, ਉਹੀ ਆਉਣ ਵਾਲੀਆਂ ਚੋਣਾਂ ਜਿੱਤਦੀ ਰਹੀ ਹੈ। ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਦੂਜੀ ਵੱਡੀ ਪਾਰਟੀ ਹੈ। ਕਾਂਗਰਸ ਨੂੰ ਜ਼ਿਆਦਾਤਰ ਸੀਟਾਂ ’ਤੇ ਬਹੁਤ ਘੱਟ ਅੰਤਰ ਨਾਲ ਜਿੱਤ ਮਿਲੀ ਹੈ। ਇਨ੍ਹਾਂ ਨਤੀਜਿਆਂ ਤੋਂ ਇਹ ਸਾਬਿਤ ਹੋ ਗਿਆ ਕਿ ਪੰਜਾਬ ਵਿਚ ਅਕਾਲੀ ਦਲ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ। ਜਿੱਥੋਂ ਤੱਕ 2022 ਦੀਆਂ ਵਿਧਾਨਸਭਾ ਚੋਣਾਂ ਦੀ ਗੱਲ ਹੈ ਤਾਂ ਕਾਂਗਰਸ ਨੇ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਕੀਤੀ ਹੈ, 2022 ਦੀਆਂ ਵਿਧਾਨਸਭਾ ਚੋਣਾਂ ਵਿਚ ਉਹ ਕਾਂਗਰਸ ਦੇ ਪਤਨ ਦਾ ਕਾਰਨ ਬਣੇਗਾ। ਲੋਕ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਜੇਤੂ ਬਣਾਉਣਗੇ।
3. ਕੀ ਕਿਸਾਨ ਅੰਦੋਲਨ ਦਾ ਅਸਰ ਚੋਣਾਂ ਵਿਚ ਝੱਲਣਾ ਪਿਆ ਹੈ?
ਜਵਾਬ - ਇਹ ਚੋਣਾਂ ਮੋਟੇ ਤੌਰ ’ਤੇ ਸ਼ਹਿਰੀ ਇਲਾਕੇ ਦੀਆਂ ਚੋਣਾਂ ਸਨ। ਹਾਲਾਂਕਿ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿਚ ਜੋ ਵਿਰੋਧ ਹੈ ਅਤੇ ਕਿਸਾਨਾਂ ਪ੍ਰਤੀ ਸੰਵੇਦਨਾ ਹੈ, ਉਸ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਹੈ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਜਨਤਾ ਨੇ ਦੂਜੀ ਵੱਡੀ ਪਾਰਟੀ ਦੇ ਤੌਰ ’ਤੇ ਉਭਾਰਿਆ ਵੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ’ਤੇ ਭਰੋਸਾ ਹੈ ਕਿ ਪੰਜਾਬ ਦੀ ਜਨਤਾ ਨੇ ਉਸ ਨੂੰ ਚੰਗੀਆਂ ਵੋਟਾਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਵਧਿਆ ਹੈ।
4. ਆਮ ਆਦਮੀ ਪਾਰਟੀ ਆਪਣੇ ਆਪ ਨੂੰ ਪੰਜਾਬ ਵਿਚ ਮੁੱਖ ਵਿਰੋਧੀ ਦਲ ਕਹਿੰਦੀ ਹੈ, ਹੁਣ ਚੋਣ ਨਤੀਜਿਆਂ ਤੋਂ ਬਾਅਦ ਤੁਹਾਡੀ ਕੀ ਰਾਏ ਹੈ?
ਜਵਾਬ - ਆਮ ਆਦਮੀ ਪਾਰਟੀ ਦੇ ਸਾਰੇ ਦਾਅਵੇ ਹਵਾ-ਹਵਾਈ ਸਾਬਿਤ ਹੋਏ ਹਨ। ਆਮ ਆਦਮੀ ਪਾਰਟੀ ਹਮੇਸ਼ਾ ਦੋਗਲੀ ਰਾਜਨੀਤੀ ਕਰਦੀ ਰਹੀ ਹੈ। ਇਨ੍ਹਾਂ ਦਾ ਦਿੱਲੀ ਵਿਚ ਕੋਈ ਹੋਰ ਚਿਹਰਾ ਹੈ ਤਾਂ ਪੰਜਾਬ ਵਿਚ ਕੋਈ ਹੋਰ। ਪੰਜਾਬ ਦੇ ਲੋਕ ਇਨ੍ਹਾਂ ਦੇ ਅਸਲ ਚਿਹਰੇ ਨੂੰ ਪਛਾਨਣ ਲੱਗ ਗਏ ਹਨ। ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ’ਤੇ ਅਭਿਆਨ ਚਲਾ ਕੇ ਪੰਜਾਬ ਦੇ ਨਿਵਾਸੀਆਂ ਨੂੰ ਗੁੰਮਰਾਹ ਕਰ ਲੈਣਗੇ ਪਰ ਪੰਜਾਬ ਦੀ ਜਨਤਾ ਇਸ ਝਾਂਸੇ ਵਿਚ ਆਉਣ ਵਾਲੀ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਹ ਗੱਲ ਇਨ੍ਹਾਂ ਚੋਣਾਂ ਵਿਚ ਸਾਹਮਣੇ ਵੀ ਆ ਗਈ ਹੈ। ਆਮ ਆਦਮੀ ਪਾਰਟੀ ਦੇ ਜਿਨ੍ਹਾਂ ਖੇਤਰਾਂ ਵਿਚ ਵਿਧਾਇਕ ਜਿੱਤੇ ਸਨ, ਉਨ੍ਹਾਂ ਇਲਾਕਿਆਂ ਵਿਚ ਵੀ ਉਨ੍ਹਾਂ ਨੂੰ ਹਾਰ ਝੱਲਣੀ ਪਈ ਹੈ। ਜਨਤਾ ਨੇ ਆਮ ਆਦਮੀ ਪਾਰਟੀ ਦੀ ਬਜਾਏ ਆਜ਼ਾਦ ਉਮੀਦਵਾਰਾਂ ’ਤੇ ਜ਼ਿਆਦਾ ਭਰੋਸਾ ਜਤਾਇਆ ਹੈ। ਚੋਣ ਨਤੀਜਿਆਂ ਵਿਚ ਇਸ ਦੀ ਸਾਫ਼ ਝਲਕ ਦਿਖਾਈ ਦਿੰਦੀ ਹੈ।
5. ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਰਿਹਾ ਜਾਂ ਨਹੀਂ?
ਜਵਾਬ - ਕਾਂਗਰਸ ਨੇ ਜਿਸ ਤਰ੍ਹਾਂ ਅਕਾਲੀ ਦਲ ਦੇ ਵਰਕਰਾਂ ’ਤੇ ਜ਼ੁਲਮ ਕੀਤਾ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ ਚੋਣ ਨਤੀਜਿਆਂ ਤੋਂ ਕਾਫ਼ੀ ਸੰਤੋਸ਼ਜਨਕ ਹੈ। ਜੇਕਰ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਹੁੰਦੀਆਂ ਤਾਂ ਨਤੀਜੇ ਕੁੱਝ ਹੋਰ ਹੁੰਦੇ ਅਤੇ ਕਾਂਗਰਸ ਨੂੰ ਲੋਕਾਂ ਵਿਚ ਆਪਣੀ ਅਸਲੀ ਲੋਕਪ੍ਰਿਯਤਾ ਦਾ ਅਹਿਸਾਸ ਵੀ ਹੋ ਜਾਂਦਾ। ਫਿਰ ਵੀ ਅਕਾਲੀ ਵਰਕਰਾਂ ਨੇ ਜਿਸ ਤਾਕਤ ਦੇ ਨਾਲ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ, ਉਹ ਕਾਬਿਲੇ ਤਾਰੀਫ ਹੈ।