14 ਪੜਾਅ ’ਚ ਹੋਵੇਗੀ ਅੰਮ੍ਰਿਤਸਰ ਦੇ ਹਲਕਿਆਂ ’ਚ ਵੋਟਾਂ ਦੀ ਗਿਣਤੀ, ਸਭ ਤੋਂ ਪਹਿਲਾਂ ਕੀਤੀ ਜਾਵੇਗੀ ਪੋਸਟਲ ਬੈਲੇਟ
Wednesday, Mar 09, 2022 - 01:29 PM (IST)
ਅੰਮ੍ਰਿਤਸਰ (ਨੀਰਜ)- 10 ਮਾਰਚ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਪੂਰੀ ਕਰ ਲਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ 14 ਰਾਊਂਡਾਂ ਵਿਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਵਿਚ ਸਭ ਤੋਂ ਪਹਿਲਾਂ ਪੋਸਟਲ ਬੈਲੇਟ, ਈ. ਟੀ. ਪੀ. ਬੀ. ਐੱਸ. ਅਤੇ ਪੀ. ਡਬਲਿਊ. ਡੀ. ਵੋਟਾਂ ਦੀ ਗਿਣਤੀ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਅਤੇ ਪੀ. ਡਬਲਿਊ. ਡੀ. ਦੀ 3414 ਵੋਟਾਂ ਅਤੇ ਈ. ਟੀ. ਪੀ. ਬੀ. ਐੱਸ. ਦੇ 2869 ਵੋਟਾਂ ਹਨ, ਜਿਨ੍ਹਾਂ ਦੀ ਗਿਣਤੀ ਸਭ ਤੋਂ ਪਹਿਲਾਂ ਕੀਤੀ ਜਾਵੇਗੀ। ਇਸ ਤੋਂ ਬਾਅਦ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ 20 ਫਰਵਰੀ ਦੇ ਦਿਨ 1304178 ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ।
ਕੋਵਿਡ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਏ ਜਾਣਗੇ 7-7 ਟੇਬਲ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਰ ਇਕ ਕਾਂਊਂਟਿੰਗ ਸੈਂਟਰ ਵਿਚ ਕੋਵਿਡ ਦਿਸ਼ਾ-ਨਿਰਦੇਸ਼ਾਂ ਅਨੁਸਾਰ 7-7 ਟੇਬਲ ਲਗਾਏ ਜਾਣਗੇ। ਵੋਟਾਂ ਦੀ ਗਿਣਤੀ ਦਾ ਕੰਮ ਠੀਕ ਤਰੀਕੇ ਨਾਲ ਕਰਨ ਲਈ ਹਰ ਇਕ ਆਰ.ਓ. (ਰਿਟਰਨਿੰਗ ਅਫ਼ਸਰ) ਨਾਲ 5 ਏ. ਆਰ. ਓ. (ਅਸਿਸਟੈਂਟ ਰਿਟਰਨਿੰਗ ਅਫ਼ਸਰ) ਤਾਇਨਾਤ ਕੀਤੇ ਗਏ ਹਨ। ਪੱਤਰਕਾਰਾਂ ਦੀ ਸਹੂਲਤ ਲਈ ਹਰ ਇਕ ਕਾਂਊਂਟਿੰਗ ਸੈਂਟਰ ਦੇ ਅੰਦਰ ਇੱਕ ਮੀਡੀਆ ਸੈਂਟਰ ਬਣਾਇਆ ਗਿਆ ਹੈ। ਕਾਂਊਟਿੰਗ ਸੈਂਟਰ ਦੇ ਅੰਦਰ ਮੋਬਾਇਲ ਫੋਨ ਲਿਜਾਣ ’ਤੇ ਪਾਬੰਦੀ ਲਗਾਈ ਗਈ ਹੈ।
10 ਮਾਰਚ ਨੂੰ ਡਰਾਈ-ਡੇਅ ਐਲਾਨਿਆ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ 10 ਮਾਰਚ ਦਾ ਦਿਨ ਡਰਾਈ-ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਦੀ ਵਿਕਰੀ ਕਰਨ ਅਤੇ ਸਟੋਰ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ। ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਅਹਾਤਿਆਂ ਵਿਚ ਸ਼ਰਾਬ ਦੀ ਵਿਕਰੀ ਕਰਨ ’ਤੇ ਪਾਬੰਦੀ ਰਹੇਗੀ।
ਕਿੱਥੇ-ਕਿੱਥੇ ਹੋਵੇਗੀ ਵੋਟਾਂ ਦੀ ਗਿਣਤੀ ?
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਨਰਸਿੰਗ ਕਾਲਜ (ਲੜਕੀਆਂ) ਮੈਡੀਕਲ ਇੰਕਲੇਵ, ਮਜੀਠਾ ਹਲਕੇ ਦੀ ਗਿਣਤੀ ਮਾਈ ਭਾਗੋ ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਮਜੀਠਾ ਰੋਡ, ਜੰਡਿਆਲਾ ਦੀ ਗਿਣਤੀ ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਮੈਰੀਟੋਰੀਅਸ ਸਕੂਲ, ਅਿੰਮ੍ਰਤਸਰ ਉੱਤਰੀ ਦੀ ਗਿਣਤੀ ਸਰਕਾਰੀ ਇੰਸਟੀਟਿਊਟ ਆਫ ਗੌਰਮੈਂਟ ਟੈਕਨਾਲੋਜੀ ਇਨਸਾਈਡ ਮਾਈ ਭਾਗੋ ਸਰਕਾਰੀ ਪੋਲੀਟੈਕਨਿਕ ਕਾਲਜ ( ਲੜਕੀਆਂ) ਮਜੀਠਾ ਰੋਡ ਬਾਈਪਾਸ, ਹਲਕਾ ਪੱਛਮੀ ਦੀ ਗਿਣਤੀ ਸਰਕਾਰੀ ਪੋਲੀਟੈਕਨੀਕ ਕਾਲਜ ਜੀ. ਟੀ. ਰੋਡ ਛੇਹਰਟਾ, ਹਲਕਾ ਕੇਂਦਰੀ ਦੀ ਗਿਣਤੀ ਸਰਕਾਰੀ ਇੰਡਸਟੀਰੀਅਲ ਟ੍ਰੇਨਿੰਗ ਸਰਕਾਰੀ ਇੰਡਸਟੀਰੀਅਲ ਟ੍ਰੇਨਿੰਗ ਇੰਸਟੀਟਿਊਟ, ਬੀ-ਬਲਾਕ ਰਣਜੀਤ ਐਵੀਨਊ, ਹਲਕਾ ਪੂਰਬੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ, ਅੰਮ੍ਰਿਤਸਰ ਦੱਖਣੀ ਦੀਆਂ ਵੋਟਾਂ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੇਂਟ ਸੈਂਟਰ, ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਟਾਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਸੀਨੀਅਰ ਸੈਕੇਂਡਰੀ ਸਕੂਲ (ਲੜਕੇ) ਅਤੇ ਬਾਬਾ ਬਕਾਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਚ ਕੀਤੀ ਜਾਵੇਗੀ।
ਅੱਜ ਕੀਤੀ ਜਾਵੇਗੀ ਆਖਰੀ ਰਿਹਰਸਲ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਰਿਹਰਸਲ ਆਖਰੀ ਰਿਹਰਸਲ ਬੁੱਧਵਾਰ ਨੂੰ ਕੀਤੀ ਜਾ ਰਹੀ ਹੈ ਅਤੇ ਸਟਰਾਂਗ ਰੂਮਾਂ ਦੀ ਵੀ ਉਹ ਖੁਦ ਚੈਕਿੰਗ ਕਰਨਗੇ।