ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ
Friday, Dec 01, 2023 - 02:08 PM (IST)
ਜਲੰਧਰ (ਇੰਟ.)- ਹਾਲ ਹੀ ’ਚ 5 ਸੂਬਿਆਂ ’ਚ ਸੰਪੰਨ ਹੋਈਆਂ ਚੋਣਾਂ ਦੇ ਨਤੀਜੇ ਰਾਜ ਸਭਾ ਦੀਆਂ ਸੀਟਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਕਿਉਂਕਿ 59 ਰਾਜ ਸਭਾ ਮੈਂਬਰ ਅਪ੍ਰੈਲ 2024 ਦੇ ਪਹਿਲੇ ਹਫ਼ਤੇ ਤੱਕ ਸੇਵਾਮੁਕਤ ਹੋ ਜਾਣਗੇ। ਇਨ੍ਹਾਂ 59 ਸੀਟਾਂ ’ਚੋਂ 12 ਸੀਟਾਂ ਚੋਣਾਂ ਵਾਲੇ ਸੂਬਿਆਂ ’ਚੋਂ ਹਨ, ਜਿਨ੍ਹਾਂ ’ਚ ਤੇਲੰਗਾਨਾ ਅਤੇ ਰਾਜਸਥਾਨ ਦੀਆਂ 3-3, ਮੱਧ ਪ੍ਰਦੇਸ਼ ਦੀਆਂ 5 ਅਤੇ ਛੱਤੀਸਗੜ੍ਹ ਦੀ 1 ਸੀਟ ਸ਼ਾਮਲ ਹੈ।
ਮੌਜੂਦਾ ਸਮੇਂ ’ਚ ਕੀ ਹੈ ਸਥਿਤੀ
ਇਕ ਮੀਡੀਆ ਰਿਪੋਰਟ ਮੁਤਾਬਕ ਸੰਸਦ ਮੈਂਬਰਾਂ ਦੀ ਸੇਵਾਮੁਕਤੀ ਅਤੇ ਹਾਲ ਹੀ ’ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਅਗਲੀ ਲੋਕ ਸਭਾ ਦੇ ਕਾਰਜਕਾਲ ਦੌਰਾਨ ਉੱਚ ਸਦਨ ’ਚ ਪ੍ਰਮੁੱਖ ਪਾਰਟੀਆਂ ਦੀਆਂ ਸੀਟਾਂ ਦੀ ਗਿਣਤੀ ’ਤੇ ਪਵੇਗਾ। ਮੌਜੂਦਾ ਸਮੇਂ ’ਚ 239 ਮੈਂਬਰਾਂ ’ਚੋਂ ਭਾਜਪਾ ਦੇ ਕੋਲ 5 ਨਾਮਜ਼ਦ ਮੈਂਬਰਾਂ ਸਮੇਤ 94 ਸੰਸਦ ਮੈਂਬਰ ਹਨ, ਜਦਕਿ ਕਾਂਗਰਸ ਕੋਲ 30 ਸੰਸਦ ਮੈਂਬਰ ਹਨ। ਚਾਰ ਖਾਲੀ ਸੀਟਾਂ ਜੰਮੂ-ਕਸ਼ਮੀਰ ਤੋਂ ਹਨ ਅਤੇ 2 ਨਾਮਜ਼ਦਗੀ ਸ਼੍ਰੇਣੀਆਂ ’ਚ ਹਨ।
ਇਹ ਵੀ ਪੜ੍ਹੋ : ਹੁਣ ਵਟਸਐਪ ਚੈਨਲ ’ਤੇ ਆਉਣਗੇ DGP ਗੌਰਵ ਯਾਦਵ, ਮਿਲਣਗੀਆਂ ਅਹਿਮ ਸੂਚਨਾਵਾਂ
ਅਜੇ ਕਿਸ ਕੋਲ ਕਿੰਨੀਆਂ ਸੀਟਾਂ
2017 ਦੀ ਵਿਧਾਨ ਸਭਾ ਚੋਣਾਂ ’ਚ ਭਾਰੀ ਜਿੱਤ ਕਾਰਨ ਯੂ. ਪੀ. ’ਚ ਖਾਲੀ ਹੋਣ ਵਾਲੀਆਂ 10 ਰਾਜ ਸਭਾ ਸੀਟਾਂ ’ਚੋਂ 9 ਭਾਜਪਾ ਕੋਲ ਹਨ। ਹਾਲਾਂਕਿ ਰਾਜ ਸਭਾ ਚੋਣਾਂ ’ਚ ਇਥੇ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਮਾਜਵਾਦੀ ਪਾਰਟੀ ਨੇ 111 ਸੀਟਾਂ ਹਾਸਲ ਕੀਤੀਆਂ ਹਨ, ਜਦਕਿ 2017 ਦੀਆਂ ਚੋਣਾਂ ’ਚ ਸੀਟਾਂ ਦੀ ਗਿਣਤੀ 47 ਸੀ। ਗੁਜਰਾਤ ਦੀਆਂ 4 ਸੀਟਾਂ ’ਚੋਂ, ਜੋ ਮੌਜੂਦਾ ਸਮੇਂ ’ਚ ਸਾਂਝੇ ਤੌਰ ’ਤੇ ਭਾਜਪਾ ਅਤੇ ਕਾਂਗਰਸ ਕੋਲ ਹਨ, ਨਾਲ ਸੂਬੇ ’ਚ ਦਸੰਬਰ 2022 ਦੀਆਂ ਚੋਣਾਂ ’ਚ ਆਪਣੀ ਇਤਿਹਾਸਕ ਜਿੱਤ ਪਿੱਛੋਂ ਭਾਜਪਾ ਨੂੰ ਫਾਇਦਾ ਪਹੁੰਚਾ ਸਕਦੀਆਂ ਹੈ। ਹਿਮਾਚਲ ਪ੍ਰਦੇਸ਼ ਦੀ ਸੀਟ, ਜਿਸ ਦੀ ਅਗਵਾਈ ਨੱਢਾ ਕਰਦੇ ਹਨ, ਨੂੰ ਕਾਂਗਰਸ ਹਾਸਲ ਕਰ ਸਕਦੀ ਹੈ, ਕਿਉਂਕਿ ਉਸ ਨੇ ਨਵੰਬਰ 2022 ’ਚ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਈ ਸੀ। ਕਰਨਾਟਕ ਦੀਆਂ ਖ਼ਾਲੀ ਹੋਣ ਵਾਲੀਆਂ 4 ਸੀਟਾਂ ’ਚੋਂ 3 ਕਾਂਗਰਸ ਦੇ ਕੋਲ ਅਤੇ 1 ਭਾਜਪਾ ਦੇ ਕੋਲ ਹੈ। ਕਾਂਗਰਸ ਨੇ ਕਰਨਾਟਕ ’ਚ ਬਹੁਮਤ ਨਾਲ ਸਰਕਾਰ ਬਣਾਈ ਹੈ ਪਰ ਇੱਥੇ ਸਥਿਤੀ ਇਸੇ ਤਰ੍ਹਾਂ ਰਹਿ ਕਦੀ ਹੈ।
ਮਹਾਰਾਸ਼ਟਰ ਅਤੇ ਬਿਹਾਰ ’ਚ ਖ਼ਾਲੀ ਹੋਣ ਵਾਲੀਆਂ ਸੀਟਾਂ
ਮਹਾਰਾਸ਼ਟਰ ਦੀਆਂ 6 ਸੀਟਾਂ ’ਚੋਂ 3 ’ਤੇ ਭਾਜਪਾ ਦਾ ਕਬਜ਼ਾ ਹੈ ਅਤੇ ਬਿਹਾਰ ਦੀਆਂ 6 ’ਚੋਂ 1 ਸੀਟ ਭਾਜਪਾ ਕੋਲ ਹੈ। ਇੱਥੇ ਸੰਸਦ ਮੈਂਬਰਾਂ ਦੀ ਚੋਣ ’ਚ ਟੱਕਰ ਦੀ ਸੰਭਾਵਨਾ ਹੈ। ਓਡਿਸ਼ਾ ਦੀਆਂ 3 ਸੀਟਾਂ ’ਚੋਂ ਬੀਜੂ ਜਨਤਾ ਦਲ (ਬੀਜਦ) ਕੋਲ 2 ਸੀਟਾਂ ਹਨ ਅਤੇ ਭਾਜਪਾ ਕੋਲ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਦੀ ਇਕ ਸੀਟ ਹੈ। 2019 ’ਚ ਬੀਜਦ ਨੇ ਵੈਸ਼ਣਵ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ। ਬੰਗਾਲ ਦੀਆਂ 6 ਸੀਟਾਂ ’ਚੋਂ ਫਿਲਹਾਲ ਭਾਜਪਾ ਕੋਲ 1 ਵੀ ਨਹੀਂ ਹੈ। ਆਂਧਰਾ ’ਚ ਤੇਲਗੂ ਦੇਸ਼ਮ ਪਾਰਟੀ ਦੇ 1 ਮੈਂਬਰ ਦੇ ਭਾਜਪਾ ’ਚ ਚਲੇ ਜਾਣ ਕਾਰਨ ਖਾਲੀ ਹੋਣ ਵਾਲੀਆਂ 3 ਸੀਟਾਂ ’ਚੋ 1 ’ਤੇ ਭਾਜਪਾ ਦਾ ਕਬਜ਼ਾ ਹੈ। ਇਨ੍ਹਾਂ ਤਿੰਨ੍ਹਾਂ ਸੂਬਿਆਂ ’ਚ ਸੱਤਾਧਾਰੀ ਪਾਰਟੀਆਂ ਨੂੰ ਹੀ ਫਾਇਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼
ਚੋਣਾਂ ਵਾਲੇ ਸੂਬਿਆਂ ਦੀ ਕੀ ਹੈ ਸਥਿਤੀ
ਮੱਧ ਪ੍ਰਦੇਸ਼ ਦੀਆਂ 5 ਸੀਟਾਂ ’ਚੋਂ ਮੌਜੂਦਾ ਸਮੇਂ ’ਚ ਭਾਜਪਾ ਕੋਲ 4 ਸੀਟਾਂ ਹਨ। ਤੇਲੰਗਾਨਾ ਦੀਆਂ 3 ਸੀਟਾਂ ’ਚੋਂ ਸਾਰੀਆਂ ’ਤੇ ਸੱਤਾਧਾਰੀ ਭਾਰਤ ਰਾਸ਼ਟਰ ਸੰਮਤੀ ਦਾ ਕਬਜ਼ਾ ਹੈ। ਰਾਜਸਥਾਨ ’ਚ ਭਾਜਪਾ ਕੋਲ 2 ਅਤੇ ਕਾਂਗਰਸ ਕੋਲ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਦੀ 1 ਸੀਟ ਹੈ। ਛੱਤੀਸਗੜ੍ਹ ਦੀ 1 ਸੀਟ ’ਤੇ ਭਾਜਪਾ ਸੰਸਦ ਮੈਂਬਰ ਦਾ ਕਬਜ਼ਾ ਹੈ ਅਤੇ ਉਨ੍ਹਾਂ ਦਾ ਕਾਰਜਕਾਲ ਅਪ੍ਰੈਲ ’ਚ ਖ਼ਤਮ ਹੋਵੇਗਾ। ਇਨ੍ਹਾਂ ਸੂਬਿਆਂ ’ਚ ਚੋਣ ਨਤੀਜਿਆਂ ਪਿੱਛੋਂ ਤਸਵੀਰ ਸਾਫ਼ ਹੋ ਜਾਵੇਗੀ, ਕਿ ਇਹ ਕਿਸ ਕੋਲ ਜਾਣਗੀਆਂ।
59 ’ਚੋਂ 28 ਸੀਟਾਂ ਭਾਜਪਾ ਦੇ ਕੋਲ
ਭਾਜਪਾ ਪਿਛਲੇ 9 ਸਾਲਾਂ ’ਚ ਸੂਬਿਆਂ ’ਚ ਆਪਣੀ ਚੋਣ ਸਫ਼ਲਤਾ ਦੇ ਆਧਾਰ ’ਤੇ ਰਾਜ ਸਭਾ ’ਚ ਅੱਧੇ ਦੇ ਅੰਕੜੇ ਤੱਕ ਪਹੁੰਚ ਗਈ ਹੈ ਪਰ ਉਸ ਨੂੰ ਅਜੇ ਵੀ ਸਦਨ ’ਚ ਆਮ ਬਹੁਮਤ ਹਾਸਲ ਨਹੀਂ ਹੋਈ ਹੈ, ਉਸ ਨੂੰ ਪ੍ਰਮੁੱਖ ਬਿੱਲਾਂ ਨੂੰ ਪਾਸ ਕਰਾਉਣ ਲਈ ਸਹਿਯੋਗੀਆਂ ਅਤੇ ਹੋਰ ਮਿੱਤਰ ਪਾਰਟੀਆਂ ’ਤੇ ਨਿਰਭਰ ਰਹਿਣਾ ਪਵੇਗਾ। ਖਾਲੀ ਹੋਣ ਵਾਲੀਆਂ 59 ’ਚੋਂ 28 ਸੀਟਾਂ ਭਾਜਪਾ ਕੋਲ ਹਨ। ਉਕਤ 5 ਸੂਬਿਆਂ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ 10, ਮਹਾਰਾਸ਼ਟਰ ਅਤੇ ਬਿਹਾਰ ਤੋਂ 6-6, ਪੱਛਮੀ ਬੰਗਾਲ ਤੋਂ 5, ਕਰਨਾਟਕ ਅਤੇ ਗੁਜਰਾਤ ਤੋਂ 4-4 ਅਤੇ ਓਡਿਸ਼ਾ ਅਤੇ ਆਂਧਰਾ ਪ੍ਰਦੇਸ਼ ਤੋਂ 3-3 ਸੰਸਦ ਮੈਂਬਰ ਸੇਵਾਮੁਕਤ ਹੋਣਗੇ। 3 ਸੰਸਦ ਮੈਂਬਰ ਹਰਿਆਣਾ ਤੋਂ ਜਦਕਿ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ 1-1 ਸੰਸਦ ਮੈਂਬਰ ਅਪ੍ਰੈਲ 2024 ਤੱਕ ਸੇਵਾਮੁਕਤ ਹੋ ਜਾਣਗੇ। ਇਸ ਤੋਂ ਇਲਾਵਾ ਦਿੱਲੀ ਤੋਂ 3 ਸੀਟਾਂ ਜਨਵਰੀ ’ਚ ਖ਼ਾਲੀ ਹੋ ਜਾਣਗੀਆਂ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਏ ਦੋ ਗੈਂਗਸਟਰਾਂ ਦੇ ਐਨਕਾਊਂਟਰ 'ਤੇ ਪੰਜਾਬ ਪੁਲਸ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।