ਗੈਂਗਵਾਰ ਬਣ ਰਹੀ ਚੋਣ ਮੁੱਦਾ, ਚੋਣ ਜਲਸਿਆਂ ’ਚ ਵਿਖਾਈ ਦੇ ਰਹੇ ਨੇ ਸੱਟੇਬਾਜ਼ ਤੇ ਨਾਜਾਇਜ਼ ਸ਼ਰਾਬ ਵੇਚਣ ਵਾਲੇ

02/11/2022 4:28:55 PM

ਜਲੰਧਰ (ਖੁਰਾਣਾ)– ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਹੈ। ਚੋਣਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਹਾਲਾਤ ਅਜਿਹੇ ਬਣ ਰਹੇ ਹਨ ਕਿ ਜ਼ਿਆਦਾਤਰ ਵੋਟਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਪਰ ਅੰਦਰਖ਼ਾਤੇ ਆਪਣੇ ਪਸੰਦੀਦਾ ਉਮੀਦਵਾਰ ਦਾ ਸਮਰਥਨ ਕਰਨ ਵਿਚ ਲੱਗੇ ਹੋਏ ਹਨ। ਅਜਿਹੇ ਵਿਚ ਜ਼ਿਆਦਾਤਰ ਉਮੀਦਵਾਰਾਂ ਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ ਜਾਂ ਨਹੀਂ। ਇਸ ਵਾਰ ਭਾਵੇਂ ਚੋਣ ਜਲਸੇ ਬੇਹੱਦ ਗਿਣਤੀ ਵਿਚ ਹੋ ਰਹੇ ਹਨ ਪਰ ਇਨ੍ਹਾਂ ਜਲਸਿਆਂ ਵਿਚ ਆਮ ਵੋਟਰ ਤਾਂ ਬਹੁਤ ਘੱਟ ਪਰ ਪਾਰਟੀ ਵਰਕਰਾਂ ਦੇ ਨਾਲ-ਨਾਲ ਸੱਟੇਬਾਜ਼, ਨਾਜਾਇਜ਼ ਲਾਟਰੀ ਅਤੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵੀ ਵਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਸਾਰੇ ਨਾਜਾਇਜ਼ ਕੰਮਾਂ ਨੂੰ ਖੁੱਲ੍ਹੇਆਮ ਸਿਆਸੀ ਸਰਪ੍ਰਸਤੀ ਪ੍ਰਾਪਤ ਹੁੰਦੀ ਰਹੀ। ਭਾਵੇਂ ਜਲੰਧਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਇਸ ਸਮੇਂ 200 ਤੋਂ ਜ਼ਿਆਦਾ ਨਾਜਾਇਜ਼ ਲਾਟਰੀ ਸਟਾਲ ਚੱਲ ਰਹੇ ਹਨ, ਜਿੱਥੇ ਖੁੱਲ੍ਹੇਆਮ ਸੱਟੇਬਾਜ਼ੀ ਹੁੰਦੀ ਹੈ ਅਤੇ ਦੜਾ ਵੀ ਲਗਾਇਆ ਜਾਂਦਾ ਹੈ, ਉਥੇ ਹੀ ਜਲੰਧਰ ਦੇ ਦਰਜਨਾਂ ਮੁਹੱਲੇ ਅਜਿਹੇ ਹਨ, ਜਿੱਥੇ ਖੁੱਲ੍ਹੇਆਮ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਇਕ ਸਾਲ ਦੇ ਅੰਦਰ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

PunjabKesari

ਸ਼ਰਾਬ ਤੋਂ ਇਲਾਵਾ ਜਲੰਧਰ ਵਿਚ ਕਈ ਥਾਵਾਂ ’ਤੇ ਨਸ਼ੇ ਦੀਆਂ ਪੁੜੀਆਂ ਵੀ ਵੇਚੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਕਿਉਂਕਿ ਜਲੰਧਰ ਨਾਰਥ ਅਤੇ ਜਲੰਧਰ ਵੈਸਟ ਹਲਕੇ ਅਜਿਹੇ ਹਨ, ਜਿੱਥੇ ਇੰਡਸਟਰੀ ਕਾਫ਼ੀ ਜ਼ਿਆਦਾ ਗਿਣਤੀ ਵਿਚ ਹੈ ਅਤੇ ਇਨ੍ਹਾਂ ਦੋਵਾਂ ਵਿਧਾਨ ਸਭਾ ਹਲਕਿਆਂ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਵੀ ਜ਼ਿਆਦਾ ਹੈ, ਇਸ ਲਈ ਸੱਟੇਬਾਜ਼ੀ ਦੇ ਨਾਲ-ਨਾਲ ਨਾਜਾਇਜ਼ ਲਾਟਰੀ ਅਤੇ ਨਾਜਾਇਜ਼ ਸ਼ਰਾਬ ਦੇ ਜ਼ਿਆਦਾਤਰ ਮਾਮਲੇ ਵੀ ਇਨ੍ਹਾਂ ਹੀ 2 ਵਿਧਾਨ ਸਭਾ ਹਲਕਿਆਂ ਤੋਂ ਸਾਹਮਣੇ ਆਉਂਦੇ ਰਹੇ ਹਨ। ਨਾਜਾਇਜ਼ ਲਾਟਰੀ ਵੇਚੇ ਜਾਣ ਦੀਆਂ ਸ਼ਿਕਾਇਤਾਂ ਸੈਂਟਰਲ ਅਤੇ ਕੈਂਟ ਵਿਧਾਨ ਸਭਾ ਹਲਕਿਆਂ ਤੋਂ ਵੀ ਆਉਂਦੀਆਂ ਰਹੀਆਂ ਹਨ। ਭਾਵੇਂ ਇਨ੍ਹੀਂ ਦਿਨੀਂ ਚੋਣਾਂ ਕਾਰਨ ਚੋਣ ਕਮਿਸ਼ਨਰ ਅਤੇ ਜਲੰਧਰ ਪੁਲਸ ਦੀ ਕਾਫੀ ਸਖ਼ਤੀ ਹੈ ਪਰ ਫਿਰ ਵੀ ਕਈ ਥਾਵਾਂ ’ਤੇ ਨਾਜਾਇਜ਼ ਸ਼ਰਾਬ ਵਿਕ ਰਹੀ ਹੈ ਅਤੇ ਦੜੇ-ਸੱਟੇ ਅਤੇ ਨਾਜਾਇਜ਼ ਲਾਟਰੀ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ਅਤੇ ਨਾਜਾਇਜ਼ ਕਾਰੋਬਾਰ ਦਾ ਸੰਚਾਲਨ ਕਰਨ ਵਾਲੇ ਕਈ ਨਾਮੀ ਬਦਮਾਸ਼ ਅਤੇ ਅਸਮਾਜਿਕ ਤੱਤ ਕਈ ਸਿਆਸੀ ਨੇਤਾਵਾਂ ਦੇ ਅੰਗ-ਸੰਗ ਵੀ ਵੇਖੇ ਜਾ ਰਹੇ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ’ਤੇ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਦਾ ਹੋਵੇਗਾ ਬੀਮਾ

ਵਿਗੜਦੇ ਲਾਅ ਐਂਡ ਆਰਡਰ ਦਾ ਮਸਲਾ ਵੀ ਉੱਠਣ ਲੱਗਾ
ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਜਿਥੇ ਵਿਕਾਸ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾ ਰਿਹਾ ਹੈ, ਉਥੇ ਕਈ ਹਲਕਿਆਂ ਵਿਚ ਵਿਗੜਦੇ ਲਾਅ ਐਂਡ ਆਰਡਰ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਛਾਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਵਿਚ ਕਈ ਹੱਤਿਆਕਾਂਡ ਹੋਏ। ਸਭ ਤੋਂ ਪਹਿਲਾਂ ਦਿਨ-ਦਿਹਾੜੇ ਅਨਿਲ ਕੁਮਾਰ ਬਿੱਲਾ ਦਾ ਮਰਡਰ ਹੋਇਆ ਤੇ ਉਸ ਤੋਂ ਬਾਅਦ ਗਗਨੇਜਾ ਹੱਤਿਆਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।

ਫਿਰ ਪ੍ਰੀਤ ਨਗਰ ਰੋਡ ’ਤੇ ਇਕ ਦੁਕਾਨਦਾਰ ਦੀ ਦਿਨ-ਦਿਹਾੜੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਇਕ ਦੁਕਾਨਦਾਰ ਸਚਿਨ ਜੈਨ ਨੂੰ ਵੀ ਗੋਲ਼ੀਆਂ ਦਾ ਨਿਸ਼ਾਨਾ ਬਣਾਇਆ ਗਿਆ। ਕਾਂਗਰਸੀ ਨੇਤਾ ਡਿਪਟੀ ਨੂੰ ਦਿਨ ਦੇ ਉਜਾਲੇ ਵਿਚ ਹੀ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਵਿਚ ਗੈਂਗਵਾਰ ਦੀਆਂ ਵੀ ਦਰਜਨਾਂ ਵਾਰਦਾਤਾਂ ਹੋਈਆਂ, ਜਿਨ੍ਹਾਂ ਨੂੰ ਹੁਣ ਚੋਣਾਂ ਦੇ ਸਮੇਂ ਖੂਬ ਭੁਨਾਇਆ ਜਾ ਰਿਹਾ ਹੈ। ਕਈ ਕਾਂਗਰਸੀ ਨੇਤਾਵਾਂ ’ਤੇ ਇਨ੍ਹਾਂ ਗੈਂਗਸਟਰਾਂ ਨੂੰ ਖੁੱਲ੍ਹੀ ਸਰਪ੍ਰਸਤੀ ਦੇਣ ਅਤੇ ਸੱਟੇਬਾਜ਼ੀ ਦੇ ਕੰਮ ਦੇ ਬਦਲੇ ਮਹੀਨਾ ਲੈਣ ਦੇ ਦੋਸ਼ ਵੀ ਪਿਛਲੇ ਸਮੇਂ ਦੌਰਾਨ ਲੱਗਦੇ ਰਹੇ ਹਨ।

ਇਹ ਵੀ ਪੜ੍ਹੋ: ਵਿਦੇਸ਼ ਭੱਜਣ ਦੀ ਤਾਕ 'ਚ ਸੀ ਗ੍ਰਿਫ਼ਤਾਰ ਜੀਤਾ ਮੌੜ, ਪੰਜਾਬ ’ਚ ਇੰਝ ਚਲਦਾ ਸੀ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਧੰਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News