Election Diary : ਰਾਜੀਵ ਗਾਂਧੀ ਦੇ ਦੌਰ ''ਚ ਸ਼ੁਰੂ ਹੋਈ ਸੀ ਕੰਪਿਊਟਰ ਕ੍ਰਾਂਤੀ

04/12/2019 9:54:37 AM

ਜਲੰਧਰ (ਨਰੇਸ਼ ਕੁਮਾਰ)— ਦੇਸ਼ ਦਾ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕੰਮ ਕੰਪਿਊਟਰ 'ਤੇ ਨਿਰਭਰ ਹੈ ਅਤੇ ਭਾਰਤ ਦੇ ਆਈ. ਟੀ. ਇੰਜੀਨੀਅਰਜ਼ ਪੂਰੀ ਦੁਨੀਆ ਵਿਚ ਬਹੁਤ ਪ੍ਰਸਿੱਧ ਹਨ ਪਰ ਆਜ਼ਾਦੀ ਤੋਂ ਕਈ ਸਾਲ ਬਾਅਦ ਵੀ ਭਾਰਤ ਇਸ ਮਾਮਲੇ ਵਿਚ ਕਈ ਦੇਸ਼ਾਂ ਦੇ ਮੁਕਾਬਲੇ ਬਹੁਤ ਪੱਛੜਿਆ ਹੋਇਆ ਹੈ। ਦੇਸ਼ 1947 'ਚ ਆਜ਼ਾਦ ਹੋਇਆ ਅਤੇ 1978 ਤਕ ਦੇਸ਼ ਵਿਚ ਸਿਰਫ ਇਕ ਹਜ਼ਾਰ ਕੰਪਿਊਟਰ ਸਨ ਅਤੇ ਇਸ ਦਾ ਕਾਰਨ ਇਨ੍ਹਾਂ 'ਤੇ ਲੱਗਣ ਵਾਲਾ ਟੈਕਸ ਸੀ। ਇੰਦਰਾ ਗਾਂਧੀ ਦੇ ਦਿਹਾਂਤ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਕੰਪਿਊਟਰ ਦੀ ਅਹਿਮੀਅਤ ਨੂੰ ਸਮਝਿਆ ਤੇ ਦੇਸ਼ ਵਿਚ ਕੰਪਿਊਟਰ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਕਈ ਵੱਡੇ ਕੰਮ ਕੀਤੇ। ਰਾਜੀਵ ਗਾਂਧੀ ਦਾ ਵੱਡਾ ਫੈਸਲਾ ਪੂਰੀ ਤਰ੍ਹਾਂ ਅਸੈਂਬਲ ਕੀਤੇ ਗਏ ਕੰਪਿਊਟਰ ਦੀ ਦਰਾਮਦ ਨੂੰ ਮਨਜ਼ੂਰੀ ਦੇਣ ਦਾ ਸੀ। ਦਰਾਮਦ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਸਰਕਾਰ ਨੇ ਕੰਪਿਊਟਰ ਹਾਰਡਵੇਅਰ ਦੀ ਦਰਾਮਦ 'ਤੇ ਲੱਗਣ ਵਾਲੇ ਟੈਕਸ ਵਿਚ ਵੀ ਭਾਰੀ ਕਟੌਤੀ ਕੀਤੀ। ਇਸ ਦਾ ਅਸਰ ਇਹ ਹੋਇਆ ਕਿ ਦੇਸ਼ ਵਿਚ ਅਚਾਨਕ ਕੰਪਿਊਟਰ ਦੀ ਵਰਤੋਂ ਵਧੀ ਅਤੇ 1990 ਤਕ ਦੇਸ਼ ਵਿਚ ਕੰਪਿਊਟਰਾਂ ਦੀ ਗਿਣਤੀ ਵਧ ਕੇ 80 ਹਜ਼ਾਰ ਤਕ ਪਹੁੰਚ ਗਈ।

ਸਾਫਟਵੇਅਰ ਐਕਸਪੋਰਟ 128 ਮਿਲੀਅਨ ਡਾਲਰ ਪੁੱਜਿਆ
ਦੇਸ਼ ਵਿਚ ਆਈ. ਟੀ. ਕੰਪਨੀਆਂ ਨੂੰ ਜਦੋਂ ਕੰਪਿਊਟਰ ਦੀ ਦਰਾਮਦ ਦੀ ਮਨਜ਼ੂਰੀ ਮਿਲੀ ਤਾਂ ਕੰਪਨੀਆਂ ਨੇ ਸਾਫਟਵੇਅਰ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਅਤੇ 1990 ਤਕ ਭਾਰਤ ਦਾ ਸਾਫਟਵੇਅਰ ਐਕਸਪੋਰਟ 128 ਮਿਲੀਅਨ ਡਾਲਰ ਤਕ ਪਹੁੰਚ ਗਿਆ ਸੀ। ਇਸੇ ਦਰਮਿਆਨ ਦੇਸ਼ ਦੇ ਨੇਤਾਵਾਂ ਨੇ ਵੀ ਇਸ ਦੀ ਅਹਿਮੀਅਤ ਸਮਝੀ ਤੇ ਰੇਲਵੇ ਵਿਚ ਟਿਕਟਾਂ ਦੀ ਰਿਜ਼ਰਵੇਸ਼ਨ ਵਿਚ ਕੰਪਿਊਟਰ ਦੀ ਵਰਤੋਂ ਸ਼ੁਰੂ ਕੀਤੀ ਗਈ, ਜਿਸ ਨਾਲ ਧਾਂਦਲੀ ਰੁਕਣ ਦੇ ਨਾਲ-ਨਾਲ ਲੋਕਾਂ ਨੂੰ ਸਹੂਲਤ ਵੀ ਮਿਲਣ ਲੱਗੀ। ਰਾਜੀਵ ਗਾਂਧੀ ਦੇ ਸ਼ਾਸਨ ਵਿਚ ਹੀ ਦੇਸ਼ 'ਚ ਮਹਾਨਗਰ ਟੈਲੀਕਾਮ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਦਾ ਗਠਨ ਹੋਇਆ ਅਤੇ ਪੂਰੇ ਦੇਸ਼ ਵਿਚ ਪਬਲਿਕ ਕਾਲ ਆਫਿਸ ਲਾਉਣ ਦੀ ਮੁਹਿੰਮ ਸ਼ੁਰੂ ਹੋਈ ਅਤੇ ਲੋਕ ਟੈਲੀਫੋਨ ਦੇ ਜ਼ਰੀਏ ਇਕ-ਦੂਸਰੇ ਨਾਲ ਜੁੜੇ। ਇਸ ਤੋਂ ਇਲਾਵਾ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਹੀ ਵੱਖ-ਵੱਖ ਵਿਭਾਗਾਂ ਵਿਚ ਤਕਨੀਕ ਰਾਹੀਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਮੁਹਿੰਮ ਸ਼ੁਰੂ ਹੋਈ।


DIsha

Content Editor

Related News