Election Diary : ਜਦੋਂ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ ਜੋਤੀ ਬਸੂ

Saturday, Apr 27, 2019 - 09:42 AM (IST)

Election Diary : ਜਦੋਂ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ ਜੋਤੀ ਬਸੂ

ਜਲੰਧਰ (ਨਰੇਸ਼ ਕੁਮਾਰ)— ਖੱਬੇ ਪੱਖੀ ਪਾਰਟੀਆਂ ਇਸ ਸਮੇਂ ਆਪਣੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੀਆਂ ਹਨ। ਸੰਸਦ 'ਚ ਇਸ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਸਿਰਫ 9 ਤਕ ਰਹਿ ਗਈ ਹੈ। ਇਨ੍ਹਾਂ ਚੋਣਾਂ 'ਚ ਇਨ੍ਹਾਂ ਦਾ ਵੀ ਜਿੱਤਣਾ ਮੁਸ਼ਕਲ ਲੱਗ ਰਿਹਾ ਹੈ ਪਰ ਇਕ ਸਮਾਂ ਅਜਿਹਾ ਵੀ ਸੀ ਜਦ ਇਸ ਪਾਰਟੀ ਦਾ ਨੇਤਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਕੰਢੇ ਸੀ ਪਰ ਪਾਰਟੀ ਦੀ ਇਕ ਗਲਤੀ ਨਾਲ ਇਹ ਮੌਕਾ ਖੁੰਝ ਗਿਆ ਅਤੇ ਹੁਣ ਸ਼ਾਇਦ ਭਵਿੱਖ 'ਚ ਅਜਿਹਾ ਮੌਕਾ ਕਦੇ ਨਾ ਆਵੇ ਜਦ ਲੈਫਟ ਦੇ ਕਿਸੇ ਨੇਤਾ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲੇ।

ਇਹ ਮੌਕਾ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹੇ ਜੋਤੀ ਬਸੂ ਨੂੰ ਮਿਲ ਰਿਹਾ ਸੀ ਪਰ ਪਾਰਟੀ ਦੀ ਇਕ ਭੁੱਲ ਕਾਰਨ ਉਹ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ। ਜੋਤੀ ਬਸੂ ਦੀ ਬਾਇਓਗ੍ਰਾਫੀ 'ਚ ਲਿਖਿਆ ਗਿਆ ਹੈ ਕਿ 9 ਤੋਂ 15 ਮਈ (1996) 'ਚ ਯੂਨਾਈਟਡ ਫਰੰਟ ਦੀ ਸਰਕਾਰ ਬਣਨ ਦੇ ਸਿਆਸੀ ਹਾਲਾਤ ਬਣੇ ਤਾਂ ਵੀ. ਪੀ. ਸਿੰਘ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਜਨਤਾ ਦਲ ਦੇ ਨਾਲ-ਨਾਲ ਹੋਰ ਸਹਿਯੋਗੀ ਪਾਰਟੀਆਂ ਵੀ ਜੋਤੀ ਬਸੂ ਨੂੰ ਪ੍ਰਧਾਨ ਮੰਤਰੀ ਬਣਾਉਣ 'ਤੇ ਸਹਿਮਤ ਹਨ। ਇਸ 'ਤੇ ਬਸੂ ਨੇ ਕਿਹਾ ਕਿ ਉਹ ਆਪਣੀ ਪਾਰਟੀ ਤੋਂ ਬਿਨਾਂ ਇਸ 'ਤੇ ਸਹਿਮਤੀ ਨਹੀਂ ਦੇ ਸਕਦੇ। ਲਿਹਾਜਾ ਉਕਤ ਮਾਮਲਾ ਪਾਰਟੀ ਦੇ ਪੋਲਿਟ ਬਿਊਰੋ ਦੇ ਸਾਹਮਣੇ ਰੱਖਿਆ ਗਿਆ ਅਤੇ ਲੈਫਟ ਦੇ ਜ਼ਿਆਦਾਤਰ ਨੇਤਾਵਾਂ ਨੇ ਜੋਤੀ ਬਸੂ ਦੇ ਪ੍ਰਧਾਨ ਮੰਤਰੀ ਬਣਨ ਦਾ ਵਿਰੋਧ ਕੀਤਾ।

ਜ਼ਿਆਦਾਤਰ ਨੇਤਾਵਾਂ ਦਾ ਇਹ ਤਰਕ ਸੀ ਕਿ ਜੇਕਰ ਲੈਫਟ ਸਰਕਾਰ ਦਾ ਹਿੱਸਾ ਬਣੀ ਤਾਂ ਗਰੀਬ ਲਈ ਲੜੀ ਜਾ ਰਹੀ ਲੜਾਈ 'ਚ ਲੈਫਟ ਕਮਜ਼ੋਰ ਪਵੇਗਾ। ਲਿਹਾਜ਼ਾ ਮੀਟਿੰਗ 'ਚ 35 ਮੈਂਬਰਾਂ ਨੇ ਜੋਤੀ ਬਸੂ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਵਿਰੋਧ 'ਚ ਵੋਟ ਪਾਏ ਗਏ ਜਦਕਿ 20 ਮੈਂਬਰ ਉਨ੍ਹਾਂ ਦੇ ਨਾਲ ਸਨ। ਪਾਰਟੀ ਦੇ ਵਿਰੋਧ ਤੋਂ ਬਾਅਦ ਹੀ ਯੂਨਾਈਟਿਡ ਫਰੰਟ ਨੇ ਐੱਚ. ਡੀ. ਦੇਵੇਗੌੜਾ ਦਾ ਨਾਂ ਪੇਸ਼ ਕੀਤਾ ਅਤੇ ਦੇਵੇਗੌੜਾ ਪ੍ਰਧਾਨ ਮੰਤਰੀ ਬਣੇ।


author

DIsha

Content Editor

Related News