Election Diary : ਸ਼ੰਕਰ ਦਿਆਲ ਦੇ ''ਇਨਕਾਰ'' ਨੇ ਨਰਸਿਮਹਾ ਨੂੰ ਬਣਾਇਆ PM

03/25/2019 11:29:19 AM

ਜਲੰਧਰ— 1989 ਦੀਆਂ ਚੋਣਾਂ ਤੋਂ ਬਾਅਦ ਦੇਸ਼ ਨੇ ਸਿਆਸੀ ਅਸਥਿਰਤਾ ਦਾ ਦੌਰ ਦੇਖਿਆ ਅਤੇ ਵੀ. ਪੀ. ਸਿੰਘ ਅਤੇ ਚੰਦਰਸ਼ੇਖਰ ਦੇ ਰੂਪ ਵਿਚ 2 ਪ੍ਰਧਾਨ ਮੰਤਰੀਆਂ ਦਾ ਅਸਫਲ ਕਾਰਜਕਾਲ ਦੇਖਣ ਤੋਂ ਬਾਅਦ 1991 ਵਿਚ ਦੇਸ਼ ਇਕ ਵਾਰ ਫਿਰ ਆਮ ਚੋਣਾਂ ਦਾ ਸਾਹਮਣਾ ਕਰ ਰਿਹਾ ਸੀ। ਚੋਣ ਮੁਹਿੰਮ ਦੀ ਅਗਵਾਈ ਉਸ ਵੇਲੇ ਕਾਂਗਰਸ ਪ੍ਰਧਾਨ ਰਾਜੀਵ ਗਾਂਧੀ ਕਰ ਰਹੇ ਸਨ, ਜੋ ਕਿ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਬਿਨਾਂ ਵਿਰੋਧ ਦੇ ਚੁਣੇ ਉਮੀਦਵਾਰ ਸਨ ਪਰ 20 ਮਈ 1991 ਨੂੰ ਪਹਿਲੇ ਦੌਰ ਦੀ ਵੋਟਿੰਗ ਦੇ ਇਕ ਦਿਨ ਬਾਅਦ 21 ਮਈ 1991 ਨੂੰ ਤਾਮਿਲਨਾਡੂ ਵਿਚ ਉਸ ਵੇਲੇ ਦੇ ਕਾਂਗਰਸ ਪ੍ਰਧਾਨ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਚੋਣ ਮੁਹਿੰਮ ਦੇ ਮੱਧ ਪਾਰਟੀ ਪ੍ਰਧਾਨ ਦੀ ਹੱਤਿਆ ਨਾਲ ਕਾਂਗਰਸ ਦੇ ਨਾਲ-ਨਾਲ ਪੂਰਾ ਦੇਸ਼ ਹੈਰਾਨ ਰਹਿ ਗਿਆ।

ਇਸ ਦੌਰ ਵਿਚ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਾਰਟੀ ਪ੍ਰਧਾਨ ਦੀ ਚੋਣ ਦੀ ਸੀ। ਪਾਰਟੀ ਨੇ ਉਸ ਦੌਰ ਵਿਚ ਰਾਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ ਪਰ ਸੋਨੀਆ ਨੇ ਸਿਆਸਤ ਵਿਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਸੋਨੀਆ ਨੇ ਉਸ ਸਮੇਂ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਮੇਰੇ ਲਈ ਇਸ ਸਮੇਂ ਬੱਚਿਆਂ ਦੀ ਪਰਵਰਿਸ਼ ਜ਼ਿਆਦਾ ਜ਼ਰੂਰੀ ਹੈ, ਲਿਹਾਜ਼ਾ ਪਾਰਟੀ ਕਿਸੇ ਹੋਰ ਨੇਤਾ ਦਾ ਨਾਂ ਅੱਗੇ ਕਰੇ। ਸੋਨੀਆ ਨੇ ਉਸ ਦੌਰ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿਆਸੀ ਸਲਾਹਕਾਰ ਅਤੇ ਉਨ੍ਹਾਂ ਦੇ ਚਾਣਕਿਆ ਸਮਝੇ ਜਾਂਦੇ ਪੀ. ਐੱਨ. ਹਕਸਰ ਦੀ ਰਾਇ ਲਈ ਤਾਂ ਉਨ੍ਹਾਂ ਨੇ ਸੋਨੀਆ ਨੂੰ ਉਸ ਸਮੇਂ ਦੇ ਉਪ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਨਾਂ ਸੁਝਾਇਆ। 

ਸੋਨੀਆ ਗਾਂਧੀ ਇਸ 'ਤੇ ਸਹਿਮਤ ਹੋ ਗਈ ਅਤੇ ਕਾਂਗਰਸ ਨੇਤਾਵਾਂ ਨੂੰ ਸੋਨੀਆ ਦਾ ਸੰਦੇਸ਼ ਲੈ ਕੇ ਸ਼ੰਕਰ ਦਿਆਲ ਦੇ ਕੋਲ ਭੇਜਿਆ ਗਿਆ ਪਰ ਸ਼ੰਕਰ ਦਿਆਲ ਸ਼ਰਮਾ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਨਿਮਰਤਾਪੂਰਵਕ ਇਸ ਅਹੁਦੇ ਨੂੰ ਗ੍ਰਹਿਣ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਸਭ ਅਜਿਹੇ ਸਮੇਂ ਵਿਚ ਹੋਇਆ, ਜਦੋਂ ਸ਼ੰਕਰ ਦਿਆਲ ਸ਼ਰਮਾ ਨੂੰ ਪਤਾ ਸੀ ਕਿ ਚੋਣਾਂ ਵਿਚ ਕਾਂਗਰਸ ਦੀ ਜਿੱਤ ਲੱਗਭਗ ਤੈਅ ਹੈ ਅਤੇ ਜਿੱਤ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦਾ ਇਕ ਸਰਵਉੱਚ ਅਹੁਦਾ ਮਿਲਣ ਵਾਲਾ ਹੈ। ਸ਼ੰਕਰ ਦਿਆਲ ਸ਼ਰਮਾ ਦੇ ਇਨਕਾਰ ਤੋਂ ਬਾਅਦ ਪਾਰਟੀ ਦੇ ਸਾਹਮਣੇ ਇਕ ਵਾਰ ਫਿਰ ਨਵਾਂ ਪ੍ਰਧਾਨ ਚੁਣਨ ਦੀ ਚੁਣੌਤੀ ਆ ਖੜ੍ਹੀ ਹੋਈ, ਕਿਉਂਕਿ ਮੀਡੀਆ ਵਿਚ ਅਗਲੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਲਗਾਤਾਰ ਅਟਕਲਾਂ ਲਾਈਆਂ ਜਾ ਰਹੀਆਂ ਸਨ। 

ਸੋਨੀਆ ਨੇ ਇਸ ਦੌਰਾਨ ਇਕ ਵਾਰ ਫਿਰ ਪੀ. ਐੱਨ. ਹਕਸਰ ਦੀ ਰਾਏ ਮੰਗੀ ਤਾਂ ਉਨ੍ਹਾਂ ਨੇ ਇਸ ਵਾਰ ਸੋਨੀਆ ਨੂੰ ਪੀ. ਵੀ. ਨਰਸਿਮਹਾ ਰਾਓ ਦਾ ਨਾਂ ਸੁਝਾਇਆ ਅਤੇ ਰਾਓ 'ਤੇ ਅੰਤ ਵਿਚ ਸਹਿਮਤੀ ਬਣ ਗਈ। ਕਾਂਗਰਸ ਨੇ 1991 ਦੀਆਂ ਚੋਣਾਂ ਵਿਚ 232 ਸੀਟਾਂ ਜਿੱਤੀਆਂ। ਇਸ ਦੌਰਾਨ ਪੰਜਾਬ ਵਿਚ ਮਾਹੌਲ ਠੀਕ ਨਾ ਹੋਣ ਕਾਰਨ ਚੋਣਾਂ ਨਹੀਂ ਹੋਈਆਂ ਸਨ ਅਤੇ 1992 'ਚ ਜਦੋਂ ਪੰਜਾਬ ਵਿਚ ਚੋਣਾਂ ਹੋਈਆਂ ਤਾਂ ਕਾਂਗਰਸ ਪੰਜਾਬ ਵਿਚ ਵੀ 12 ਸੀਟਾਂ ਜਿੱਤ ਗਈ। ਇਸ ਤਰ੍ਹਾਂ ਸ਼ੰਕਰ ਦਿਆਲ ਸ਼ਰਮਾ ਦੇ ਇਨਕਾਰ ਨੇ ਰਾਓ ਨੂੰ ਕਾਂਗਰਸ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ।


Tanu

Content Editor

Related News