ਜਲੰਧਰ ਜ਼ਿਮਨੀ ਚੋਣ ਲਈ ਭਾਰਤੀ ਚੋਣ ਕਮਿਸ਼ਨ ਨੇ ਜਾਰੀ ਕੀਤਾ ਸ਼ਡਿਊਲ

Wednesday, Apr 12, 2023 - 05:12 PM (IST)

ਜਲੰਧਰ ਜ਼ਿਮਨੀ ਚੋਣ ਲਈ ਭਾਰਤੀ ਚੋਣ ਕਮਿਸ਼ਨ ਨੇ ਜਾਰੀ ਕੀਤਾ ਸ਼ਡਿਊਲ

ਜਲੰਧਰ/ਚੰਡੀਗੜ੍ਹ- 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਹਲਕਾ ਜਲੰਧਰ ਜ਼ਿਮਨੀ ਚੋਣ ਕਰਵਾਉਣ ਲਈ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ (ਸੀ. ਈ. ਓ.) ਸਿਬਿਨ ਸੀ. ਨੇ ਦੱਸਿਆ ਕਿ ਇਸ ਬਾਰੇ ਨੋਟੀਫਿਕੇਸ਼ਨ 13 ਅਪ੍ਰੈਲ ਵੀਰਵਾਰ ਨੂੰ ਜਾਰੀ ਕੀਤਾ ਜਾਵੇਗਾ, ਜਦਕਿ ਨਾਮਜ਼ਦਗੀਆਂ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਦਿਨ ਵੀਰਵਾਰ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 21 ਅਪ੍ਰੈਲ ਨੂੰ ਹੋਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 24 ਅਪ੍ਰੈਲ ਹੋਵੇਗੀ। ਵੋਟਾਂ 10 ਮਈ ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਦਿਨ ਸ਼ਨੀਵਾਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ 15 ਮਈ ਦਿਨ ਸੋਮਵਾਰ ਨੂੰ ਮੁਕੰਮਲ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਨਾਮਜ਼ਦਗੀ ਪੱਤਰ 13 ਅਪ੍ਰੈਲ ਤੋਂ 20 ਅਪ੍ਰੈਲ 2023 ਤੱਕ ਜਨਤਕ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਰਿਟਰਨਿੰਗ ਅਫ਼ਸਰ ਕੋਲ ਪੇਸ਼ ਕੀਤੇ ਜਾਣੇ ਹਨ। ਡਿਪਟੀ ਕਮਿਸ਼ਨਰ ਜਲੰਧਰ ਰਿਟਰਨਿੰਗ ਅਫ਼ਸਰ ਹਨ।  ਇਕ ਸੰਸਦੀ ਚੋਣ ਖੇਤਰ (ਲੋਕ ਸਭਾ) ਸੀਟ ਲਈ ਯੋਗਤਾ ਪ੍ਰਾਪਤ ਕਰਨ ਲਈ ਇਕ ਉਮੀਦਵਾਰ ਨੂੰ ਕਿਸੇ ਵੀ ਸੰਸਦੀ ਹਲਕੇ ਲਈ ਇਕ ਵੋਟਰ ਵਜੋਂ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ। ਇਸ ਨੁਕਤੇ 'ਤੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਸੰਤੁਸ਼ਟ ਕਰਨ ਲਈ ਉਮੀਦਵਾਰਾਂ ਨੂੰ ਲਾਗੂ ਵੋਟਰ ਸੂਚੀ ਦੀ ਸੰਬੰਧਿਤ ਐਂਟਰੀ ਦੀ ਪ੍ਰਮਾਣਿਤ ਕਾਪੀ ਪੇਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਮੌਤ

ਸਬੰਧਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨਿਰਧਾਰਤ ਫਾਰਮ ਵਿੱਚ ਸਹੁੰ ਜਾਂ ਪੁਸ਼ਟੀ ਕਰਨ ਲਈ ਇਕ ਸਰਟੀਫਿਕੇਟ ਦੀ ਵੀ ਲੋੜ ਹੁੰਦੀ ਹੈ। ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾਣ ਤੋਂ ਬਾਅਦ ਅਤੇ ਨਾਮਜ਼ਦਗੀਆਂ ਦੀ ਪੜਤਾਲ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਸਹੁੰ/ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਸੀ. ਈ. ਓ. ਨੇ ਦੱਸਿਆ ਕਿ 14 ਅਪ੍ਰੈਲ ਨੂੰ ਡਾ. ਬੀ. ਆਰ. ਦਾ ਵਿਸਾਖੀ/ਜਨਮ ਦਿਨ ਹੈ।  ਉਸ ਦਿਨ ਛੁੱਟੀ ਹੋਣ ਕਾਰਨ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਪੇਸ਼ ਨਹੀਂ ਕੀਤਾ ਜਾ ਸਕਦਾ ਹੈ।

15 ਅਪ੍ਰੈਲ ਨੂੰ ਤੀਜਾ ਸ਼ਨੀਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਅਧੀਨ ਛੁੱਟੀ ਨਹੀਂ ਹੈ, ਇਸ ਲਈ ਉਮੀਦਵਾਰ ਵੱਲੋਂ ਉਸ ਦਿਨ ਨਾਮਜ਼ਦਗੀ ਪੱਤਰ ਪੇਸ਼ ਕੀਤੇ ਜਾ ਸਕਦੇ ਹਨ। 16 ਅਪ੍ਰੈਲ ਐਤਵਾਰ ਦੀ ਛੁੱਟੀ ਹੋਣ ਕਾਰਨ ਉਮੀਦਵਾਰ ਵੱਲੋਂ ਉਸ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਛੁੱਟੀ ਹੈ, ਇਸ ਲਈ ਉਸ ਦਿਨ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਾ ਸਕਦੇ। 23 ਅਪ੍ਰੈਲ ਨੂੰ ਐਤਵਾਰ ਨੂੰ ਛੁੱਟੀ ਹੈ ਅਤੇ ਉਸ ਦਿਨ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਾ ਸਕਦੇ। ਸੀ. ਈ. ਓ. ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਦਾ ਐਲਾਨ 29 ਮਾਰਚ ਨੂੰ ਕੀਤਾ ਗਿਆ ਸੀ। ਉਦੋਂ ਤੋਂ ਹੀ ਜ਼ਿਲ੍ਹਾ ਜਲੰਧਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ : ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਵਿਖੇ ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਦੀ ਹੋਈ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News