ਚੋਣ ਕਮਿਸ਼ਨ ਦਾ ਵੱਡਾ ਐਕਸ਼ਨ, ਪੰਜਾਬ ਦੇ 7 ਉਮੀਦਵਾਰ ਅਯੋਗ ਕਰਾਰ, ਅਗਲੇ 3 ਸਾਲ ਨਹੀਂ ਲੜ ਸਕਦੇ ਚੋਣ

03/07/2024 6:41:15 PM

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਹੁਕਮਾਂ ਰਾਹੀਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 7 ਉਮੀਦਵਾਰਾਂ ਨੂੰ ਅਯੋਗ ਐਲਾਨਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਨੇ ਲੋਕ ਪ੍ਰਤੀਨਿਧੀ ਐਕਟ, 1951 ਦੇ ਸੈਕਸ਼ਨ 78 ਅਨੁਸਾਰ ਨਿਸ਼ਚਿਤ ਸਮਾਂ ਸੀਮਾ ਅੰਦਰ ਆਪਣੇ ਚੋਣ ਖਰਚੇ ਦਾ ਵੇਰਵਾ ਕਮਿਸ਼ਨ ਕੋਲ ਜਮ੍ਹਾਂ ਨਹੀਂ ਕਰਵਾਇਆ ਜਿਸ ਕਰਕੇ ਲੋਕ ਪ੍ਰਤੀਨਿਧੀ ਐਕਟ, 1951 ਦੇ ਸੈਕਸ਼ਨ 10ਏ ਅਨੁਸਾਰ ਅਗਲੇ 3 ਸਾਲ ਤੱਕ ਇਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ 7 ਉਮੀਦਵਾਰਾਂ ਵਿਚ ਮਾਲੇਰਕੋਟਲਾ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 2-2 ਉਮੀਦਵਾਰ ਅਤੇ ਮਾਨਸਾ ਜ਼ਿਲ੍ਹੇ ਦੇ 3 ਉਮੀਦਵਾਰ ਸ਼ਾਮਲ ਹਨ। 15 ਫਰਵਰੀ 2024 ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੇ ਹੁਕਮਾਂ ਰਾਹੀਂ ਮਾਨਸਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਜੀਵਨ ਦਾਸ ਬਾਵਾ, ਤਰੁਣਵੀਰ ਸਿੰਘ ਆਹਲੂਵਾਲੀਆ ਅਤੇ ਵੈਦ ਬਲਵੰਤ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ

ਇਸੇ ਤਰ੍ਹਾਂ 24 ਜਨਵਰੀ 2024 ਨੂੰ ਹੋਏ ਹੁਕਮਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਬਲਜੀਤ ਸਿੰਘ ਅਤੇ ਬੱਲੂਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਪ੍ਰਿਥੀ ਰਾਮ ਮੇਘ ਨੂੰ ਵੀ ਅਯੋਗ ਐਲਾਨਿਆ ਗਿਆ ਹੈ। ਸਿਬਿਨ ਸੀ ਨੇ ਅੱਗੇ ਦੱਸਿਆ ਕਿ 29 ਜਨਵਰੀ 2024 ਦੇ ਹੁਕਮਾਂ ਅਨੁਸਾਰ ਮਾਲੇਰਕੋਟਲਾ ਜ਼ਿਲ੍ਹੇ ਦੀ ਮਾਲੇਰਕੋਟਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਧਰਮਿੰਦਰ ਸਿੰਘ ਅਤੇ ਅਮਰਗੜ੍ਹ ਸੀਟ ਤੋਂ ਉਮੀਦਵਾਰ ਸਤਵੀਰ ਸਿੰਘ ਸ਼ੀਰਾ ਬਨਭੌਰਾ ਨੂੰ ਵੀ ਭਾਰਤੀ ਚੋਣ ਕਮਿਸ਼ਨ ਨੇ ਅਗਲੇ 3 ਸਾਲ ਤੱਕ ਚੋਣ ਲੜਨ ਦੇ ਅਯੋਗ ਐਲਾਨਿਆ ਹੈ। 

ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦੀ ਪੋਸਟ ਮਾਰਟਮ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News