''ਆਪ'' ਵਿਧਾਇਕਾਂ ਨੂੰ ਆਯੋਗ ਕਰਾਉਣਾ ਭਾਜਪਾ ਦੀ ਸਾਜਿਸ਼: ਡਾ. ਰਵਜੋਤ

01/22/2018 6:04:27 PM

ਹੁਸ਼ਿਆਰਪੁਰ (ਘੁੰਮਣ)— ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਡਾ. ਰਵਜੋਤ ਨੇ ਇਥੇ ਆਪਣੇ ਦਫਤਰ ਵਿਚ ਪਾਰਟੀ ਵਰਕਰਾਂ ਨਾਲ ਕੀਤੀ ਗਈ ਇਕ ਮੀਟਿੰਗ ਦੌਰਾਨ ਕਿਹਾ ਕਿ ਚੋਣ ਕਮਿਸ਼ਨ ਭਾਰਤ ਦੀ ਸਿਫਾਰਸ਼ 'ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦਿੱਲੀ ਦੀ 'ਆਪ' ਸਰਕਾਰ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣਾ ਕੇਂਦਰ ਦੀ ਭਾਜਪਾ ਸਰਕਾਰ ਦੀ ਸਾਜਿਸ਼ ਹੈ, ਜਿਸ ਨੂੰ ਕਿ ਪੂਰਾ ਦੇਸ਼ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਜਨਤਾ ਵੱਲੋਂ ਵੋਟਾਂ ਨਾਲ ਚੁਣੇ ਗਏ ਵਿਧਾਇਕਾਂ ਨੂੰ ਆਯੋਗ ਕਰਾਰ ਦੇਣਾ ਲੋਕਤੰਤਰ ਨੂੰ ਕਤਲ ਕਰਨ ਦੀ ਤਰ੍ਹਾਂ ਹੈ ਅਤੇ ਇਸ ਪੂਰੀ ਸਾਜਿਸ਼ ਪਿੱਛੇ ਭਾਜਪਾ ਕੰਮ ਕਰ ਰਹੀ ਹੈ, ਜਿਸ ਪ੍ਰਤੀ ਪੂਰਾ ਦੇਸ਼ ਜਾਣ ਚੁੱਕਾ ਹੈ। 
ਡਾ. ਰਵਜੋਤ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ 'ਆਪ' ਲੀਡਰਸ਼ਿਪ ਨੂੰ ਇਸ ਮਾਮਲੇ ਵਿਚ ਆਪਣਾ ਪੱਖ ਤੱਕ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ, ਉਕਤ ਗੱਲ ਨੇ ਚੋਣ ਕਮਿਸ਼ਨ ਅਤੇ ਰਾਸ਼ਟਰਪਤੀ ਦੀ ਭੂਮਿਕਾ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਵਿਚ ਕਾਨੂੰਨੀ ਲੜਾਈ ਲੜੇਗੀ ਅਤੇ ਸਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਭਾਜਪਾ ਦੀ ਲੁਕਵੀ ਤਾਨਾਸ਼ਾਹੀ 'ਤੇ ਮਾਨਯੋਗ ਅਦਾਲਤ ਵੱਲੋਂ ਜ਼ਰੂਰ ਰੋਕ ਲਗਾਈ ਜਾਵੇਗੀ। ਇਸ ਮੌਕੇ ਰਵੀ ਦੱਤ ਬਡਾਲਾ, ਤਰਲੋਕ ਸਿੰਘ, ਰਾਜੇਸ਼ ਭਾਰਗਵ, ਨਿਰਮਲ ਭਾਰਗਵ, ਰੋਹਿਤ ਭਾਰਗਵ, ਮਨਦੀਪ ਸਿੰਘ, ਹਰਦੀਪ ਸਿੰਘ, ਪ੍ਰਦੀਪ ਸੈਣੀ, ਰਣਧੀਰ ਕੁਮਾਰ, ਅਨੀਸ਼ ਕਮਲ ਅਤੇ ਹੋਰ ਪਾਰਟੀ ਵਲੰਟੀਅਰ ਵੀ ਮੌਜੂਦ ਸਨ।


Related News