ਚੋਣ ਕਮਿਸ਼ਨ ਅਕਤੂਬਰ ''ਚ ਕਰਵਾ ਸਕਦੈ 3 ਉੱਪ ਚੋਣਾਂ

Sunday, Aug 18, 2019 - 07:02 PM (IST)

ਚੋਣ ਕਮਿਸ਼ਨ ਅਕਤੂਬਰ ''ਚ ਕਰਵਾ ਸਕਦੈ 3 ਉੱਪ ਚੋਣਾਂ

ਜਲੰਧਰ (ਧਵਨ)— ਪੰਜਾਬ 'ਚ ਤਿੰਨ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ ਅਤੇ ਜਲਾਲਾਬਾਦ ਵਿਖੇ ਹੋਣ ਵਾਲੀਆਂ ਉੱਪ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਂਦਾ ਜਾ ਿਰਹਾ ਹੈ, ਤਿਵੇਂ-ਤਿਵੇਂ ਕਾਂਗਰਸੀਆਂ ਵੱਲੋਂ ਕੇਂਦਰੀ ਲੀਡਰਸ਼ਿਪ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਸ਼ੱਕ ਵਾਲੀ ਸਥਿਤੀ ਨੂੰ ਜਲਦੀ ਹੀ ਸਪੱਸ਼ਟ ਕਰੇ। ਕਾਂਗਰਸੀ ਹਲਕਿਆਂ ਨੇ ਸ਼ਨੀਵਾਰ ਦੱਸਿਆ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਬਾਰੇ ਸ਼ੱਕ ਦੇ ਬੱਦਲ ਹਟ ਗਏ ਹਨ। ਸੋਨੀਆ ਗਾਂਧੀ ਨੂੰ ਪਾਰਟੀ ਦਾ ਅੰਤ੍ਰਿਮ ਪ੍ਰਧਾਨ ਬਣਾਇਆ ਜਾ ਚੁੱਕਾ ਹੈ। ਪੰਜਾਬ ਦੇ ਕਾਂਗਰਸੀਆਂ ਨੂੰ ਉਮੀਦ ਹੈ ਕਿ ਸੂਬਾਈ ਕਾਂਗਰਸ ਲੀਡਰਸ਼ਿਪ ਬਾਰੇ ਵੀ ਜਲਦੀ ਹੀ ਸ਼ੱਕ ਦੇ ਬੱਦਲ ਹਟ ਜਾਣਗੇ।

ਦੱਸਣਯੋਗ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਪਿੱਛੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਨੂੰ ਕੇਂਦਰੀ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕੀਤਾ। ਇਸ ਸਬੰਧੀ ਸਪੱਸ਼ਟ ਸਥਿਤੀ ਅਜੇ ਤੱਕ ਕਾਂਗਰਸੀਆਂ ਸਾਹਮਣੇ ਪ੍ਰਗਟ ਨਹੀਂ ਕੀਤੀ ਗਈ। ਸੂਬੇ 'ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਪਾਰਟੀ ਅਤੇ ਸਰਕਾਰ ਦੀਆਂ ਸਰਗਰਮੀਆਂ ਦੀ ਬਹੁਤ ਅਹਿਮੀਅਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਰਗਰਮੀਆਂ ਨੂੰ ਲਗਾਤਾਰ ਚਲਾ ਰਹੇ ਹਨ, ਜਿਸ ਕਾਰਨ ਕਾਂਗਰਸੀ ਵਰਕਰਾਂ ਨੂੰ ਵਧੇਰੇ ਅਹਿਸਾਸ ਨਹੀਂ ਹੋਇਆ ਕਿ ਪਾਰਟੀ ਪੱਧਰ 'ਤੇ ਸਰਗਰਮੀਆਂ ਠੱਪ ਹਨ। ਹੁਣ ਅਕਤੂਬਰ 'ਚ ਕੇਂਦਰੀ ਚੋਣ ਕਮਿਸ਼ਨ ਵੱਲੋਂ ਫਗਵਾੜਾ, ਦਾਖਾ ਅਤੇ ਜਲਾਲਾਬਾਦ ਵਿਖੇ ਉੱਪ ਚੋਣਾਂ ਕਰਵਾਈਆਂ ਜਾਣੀਆਂ ਹਨ। ਅਜਿਹੀ ਹਾਲਤ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਣਾ ਜ਼ਰੂਰੀ ਹੈ।

ਸੁਨੀਲ ਜਾਖੜ ਅੱਜਕਲ ਦਿੱਲੀ 'ਚ ਹਨ ਅਤੇ ਅਗਲੇ ਹਫਤੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਮੁਲਾਕਾਤ ਦੌਰਾਨ ਜਾਖੜ ਬਾਰੇ ਸਥਿਤੀ ਸਪੱਸ਼ਟ ਹੋ ਜਾਏਗੀ। ਮੰਨਿਆ ਇਹੀ ਜਾ ਰਿਹਾ ਹੈ ਕਿ ਸੋਨੀਆ ਵੱਲੋਂ ਜਾਖੜ ਨੂੰ ਪ੍ਰਧਾਨ ਬਣੇ ਰਹਿਣ ਬਾਰੇ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਉਸ ਤੋਂ ਬਾਅਦ ਹੀ ਪਾਰਟੀ ਪੱਧਰ 'ਤੇ ਉੱਪ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣਗੀਆਂ। ਅਜੇ ਤੱਕ ਉਮੀਦਵਾਰਾਂ ਨੂੰ ਤੈਅ ਕਰਨ ਬਾਰੇ ਵੀ ਕੋਈ ਸਰਗਰਮੀ ਸ਼ੁਰੂ ਨਹੀਂ ਹੋਈ। ਇੰਨਾ ਜ਼ਰੂਰ ਹੈ ਕਿ ਟਿਕਟਾਂ ਦੇ ਦਾਅਵੇਦਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਆਸ-ਪਾਸ ਘੁੰਮਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਆਖਰੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨਾ ਹੈ।


author

shivani attri

Content Editor

Related News