2,50,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਪਟਵਾਰੀ ਗ੍ਰਿਫ਼ਤਾਰ
Thursday, Apr 24, 2025 - 03:17 AM (IST)

ਚੰਡੀਗੜ੍ਹ/ਜਲੰਧਰ (ਸੁਧੀਰ) – ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਮੰਗਣ ਦੇ ਦੋਸ਼ ਵਿਚ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਬੇ ਦੇ ਵਿਜੀਲੈਂਸ ਚੀਫ ਡਾਇਰੈਕਟਰ ਸੁਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤਕਰਤਾ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਣਵੱਈਏ ਸੁੱਚਾ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ 2022 ਵਿਚ ਸੁਲਤਾਨਵਿੰਡ ਵਿਚ 303 ਵਰਗ ਗਜ਼ ਦਾ ਇਕ ਪਲਾਟ ਖਰੀਦਿਆ ਸੀ। ਇਸ ਵਿਚੋਂ ਸਿਰਫ 293 ਵਰਗ ਗਜ਼ ਦੀ ਮਿਊਟੇਸ਼ਨ ਮਾਲੀਆ ਰਿਕਾਰਡ ਵਿਚ ਦਰਜ ਹੋਈ ਸੀ ਅਤੇ ਬਾਕੀ 40 ਵਰਗ ਗਜ਼ ਦੀ ਪ੍ਰਕਿਰਿਆ ਪੈਂਡਿੰਗ ਸੀ।
ਸ਼ਿਕਾਇਤਕਰਤਾ ਆਪਣੇ ਭਣਵੱਈਏ ਨਾਲ ਉਕਤ ਪਟਵਾਰੀ ਕੋਲ ਦਸਤਾਵੇਜ਼ਾਂ ਸਮੇਤ ਮਿਊਟੇਸ਼ਨ ਕਰਵਾਉਣ ਗਿਆ। ਪਟਵਾਰੀ ਨੇ ਇਸ ਕੰਮ ਲਈ 2,50,000 ਰੁਪਏ ਦੀ ਰਿਸ਼ਵਤ ਮੰਗੀ। ਉਸ ਨੇ ਦੱਸਿਆ ਕਿ 1 ਲੱਖ ਰੁਪਏ ਤਹਿਸੀਲਦਾਰ ਨੂੰ ਅਤੇ 1 ਲੱਖ ਰੁਪਏ ਗੁਰਦਾਵਰ ਨੂੰ ਦਿੱਤੇ ਜਾਣਗੇ। ਸਿਰਫ 50 ਹਜ਼ਾਰ ਰੁਪਏ ਉਹ ਖੁਦ ਰੱਖੇਗਾ।
ਸ਼ਿਕਾਇਤਰਤਾ ਨੇ 23-4-2025 ਨੂੰ ਵਿਜੀਲੈਂਸ ਬਿਊਰੋ ਇਕਾਈ ਅੰਮ੍ਰਿਤਸਰ ਪਹੁੰਚ ਕੇ 50 ਹਜ਼ਾਰ ਰੁਪਏ ਪੇਸ਼ ਕੀਤੇ ਅਤੇ ਆਪਣਾ ਬਿਆਨ ਦਰਜ ਕਰਵਾਇਆ। ਵਿਜੀਲੈਂਸ ਵਿਭਾਗ ਨੇ ਹਰਪ੍ਰੀਤ ਸਿੰਘ ਪਟਵਾਰੀ ਨੂੰ ਗ੍ਰਿਫਤਾਰ ਕਰ ਕੇ ਉੁਸ ਖ਼ਿਲਾਫ਼ ਮਾਮਲਾ ਦਰਜ ਕੀਤਾ। ਫਿਲਹਾਲ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।