ਚੋਣ ਪ੍ਰਚਾਰ ਕਰਨ ਤੋਂ ਰੋਕਿਆ ਤਾਂ ਭਿਡ਼ੇ ਸੋਈ ਤੇ ਐੱਨ. ਐੱਸ. ਯੂ. ਆਈ. ਵਰਕਰ

Friday, Jul 27, 2018 - 04:02 AM (IST)

ਚੋਣ ਪ੍ਰਚਾਰ ਕਰਨ ਤੋਂ ਰੋਕਿਆ ਤਾਂ ਭਿਡ਼ੇ ਸੋਈ ਤੇ ਐੱਨ. ਐੱਸ. ਯੂ. ਆਈ. ਵਰਕਰ

ਚੰਡੀਗਡ਼੍ਹ,    (ਸੁਸ਼ੀਲ)-  ਪੋਸਟ ਗ੍ਰੈਜੂਏਟ ਕਾਲਜ ਸੈਕਟਰ-46 ’ਚ ਵੀਰਵਾਰ ਦੁਪਹਿਰ ਐੱਨ. ਐੱਸ. ਯੂ. ਆਈ. ਤੇ ਸੋਈ ਵਰਕਰਾਂ ’ਚ ਖੂਬ ਕੁੱਟ-ਮਾਰ ਹੋਈ। ਦੋਵਾਂ ਪਾਰਟੀਆਂ ਦੇ ਵਰਕਰ ਵਿਦਿਆਰਥੀ ਕਾਊਂਸਲ ਚੋਣਾਂ ਦਾ ਪ੍ਰਚਾਰ ਕਰ ਰਹੇ ਸਨ। ਦੋਵਾਂ ਪਾਰਟੀਅਾਂ ਦੇ ਵਰਕਰਾਂ ਨੇ ਕੰਟੀਨ ’ਚ ਰੱਖੀਆਂ ਕੁਰਸੀਆਂ ਅਤੇ ਬੋਤਲਾਂ ਇਕ-ਦੂਜੇ ਦੇ ਸਿਰ ਤੇ ਮੂੰਹ ’ਤੇ ਮਾਰੀਆਂ,  ਜਿਸ ਨਾਲ ਦੋਵਾਂ ਪੱਖਾਂ ਦੇ ਵਰਕਰ ਗੰਭੀਰ ਜ਼ਖ਼ਮੀ ਹੋਏ ਹਨ। ਘਟਨਾ ’ਚ ਸੋਈ ਤੇ ਐੱਨ. ਐੱਸ. ਯੂ. ਆਈ. ਦੇ ਪੰਜ ਵਰਕਰਾਂ ਨੂੰ ਗੰਭੀਰ ਸੱਟਾਂ ਲੱਗੀਆਂ।  
ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜੀ. ਐੱਮ. ਸੀ. ਐੱਚ-32 ’ਚ ਦਾਖਲ ਕਰਵਾਇਆ। ਪੁਲਸ ਨੇ ਦੱਸਿਆ ਕਿ ਇਕ ਵਿਦਿਆਰਥੀ ਦੇ ਮੂੰਹ ’ਤੇ ਕੱਚ ਦੀ ਬੋਤਲ ਲੱਗਣ ਨਾਲ ਗੰਭੀਰ ਸੱਟ ਲੱਗੀ ਹੈ ਤਾਂ ਇਕ ਦੇ ਸਿਰ ’ਤੇ ਸੱਟ ਲੱਗੀ ਹੈ। ਜ਼ਖ਼ਮੀਆਂ ਦੀ ਪਛਾਣ ਅਮਨਦੀਪ,  ਦੇਵਪ੍ਰਤਾਪ, ਜਸਪ੍ਰੀਤ ਤੇ ਪ੍ਰਦੀਪ ਵਜੋਂ ਹੋਈ।  ਪੁਲਸ ਨੇ ਦੱਸਿਆ ਕਿ ਸੋਈ ਵਰਕਰਾਂ ਐੱਨ. ਐੱਸ. ਯੂ. ਆਈ. ਵਰਕਰਾਂ ਨੂੰ ਕੁੱਟਿਆ ਹੈ।  
ਘਟਨਾ ਦੁਪਹਿਰ ਸਾਢੇੇ 12 ਵਜੇ ਦੀ ਹੈ। ਕਾਲਜ ਦੀ ਕੰਟੀਨ ’ਚ ਬੈਠੇ ਵਿਦਿਆਰਥੀਆਂ ਨੂੰ ਐੱਨ. ਐੱਸ. ਯੂ. ਆਈ.  ਦੇ ਵਰਕਰ ਪਾਰਟੀ ਦੇ ਸਟਿੱਕਰ ਅਤੇ ਪੋਸਟਰ ਵੰਡ ਰਹੇ ਸਨ। ਸੋਈ ਵਰਕਰਾਂ ਨੇ ਇਸ ’ਤੇ ਇਤਰਾਜ਼ ਕੀਤਾ ਅਤੇ ਦੋਵਾਂ ਪਾਰਟੀਆਂ ਦੇ ਵਰਕਰਾਂ ’ਚ ਇਸ ਕਾਰਨ ਬਹਿਸ ਹੋ ਗਈ। ਵੇਖਦੇ ਹੀ ਵੇਖਦੇ ਮਾਹੌਲ ਗਰਮ ਹੋ ਗਿਆ ਅਤੇ ਫਿਰ ਵਰਕਰਾਂ ਨੇ ਕੰਟੀਨ ’ਚ ਰੱਖੀਆਂ ਕੁਰਸੀਆਂ ਤੇ ਕੱਚ ਦੀਆਂ ਬੋਤਲਾਂ ਇਕ-ਦੂਜੇ ’ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਾਲਜ ਪ੍ਰਿੰਸੀਪਲ ਡਾ.  ਜੇ. ਕੇ. ਸਹਿਗਲ ਵੱਲੋਂ ਪੁਲਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਪੀ. ਸੀ. ਆਰ. ਨੇ ਜ਼ਖ਼ਮੀ ਅਮਨਦੀਪ, ਦੇਵਪ੍ਰਤਾਪ, ਜਸਪ੍ਰੀਤ ਤੇ ਪ੍ਰਦੀਪ ਨੂੰ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਐੱਸ. ਆਈ. ਨਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਵਿਦਿਆਰਥੀਆਂ ਨੇ ਸ਼ਿਕਾਇਤ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਪੁਲਸ ਫਿਰ ਵੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ।  

ਬਾਹਰੀ ਨੌਜਵਾਨਾਂ ਦੇ ਹੋਣ ਦਾ ਸ਼ੱਕ 
ਜਾਂਚ ਲਈ ਪੁਲਸ ਨੇ ਕਾਲਜ ਦੀ ਕੰਟੀਨ ’ਚ ਲੱਗੇ ਸੀ. ਸੀ. ਟੀ. ਵੀ.  ਕੈਮਰੇ ਦੀ ਫੁਟੇਜ ਹਾਸਲ ਕੀਤੀ ਹੈ।  ਪੁਲਸ ਪਤਾ ਕਰ ਰਹੀ ਹੈ ਕਿ ਲਡ਼ਾਈ ਕਿਸ ਪਾਰਟੀ ਦੇ ਵਰਕਰਾਂ ਨੇ ਕੀਤੀ ਹੈ। ਇਸ ਤੋਂ ਇਲਾਵਾ ਕੁੱਟ-ਮਾਰ ਕਰਨ ਵਾਲੇ ਕਿਹਡ਼ੇ ਵਿਦਿਆਰਥੀ ਹਨ। ਸੂਤਰਾਂ ਤੋਂ ਪਤਾ  ਲੱਗਾ ਹੈ ਕਿ ਘਟਨਾ ’ਚ ਬਾਹਰੀ ਨੌਜਵਾਨਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਉਥੇ ਹੀ ਕਾਲਜ ਪ੍ਰਿੰਸੀਪਲ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀ ਕਾਊਂਸਲ ਚੋਣਾਂ ਤੋਂ ਪਹਿਲਾਂ ਕਾਲਜ ’ਚ ਵਾਧੂ ਫੋਰਸ ਤਾਇਨਾਤ ਕੀਤੀ ਜਾਵੇ ਅਤੇ ਕਾਲਜ ’ਚ ਆਉਣ ਵਾਲੇ ਬਾਹਰੀ ਵਿਦਿਆਰਥੀਆਂ ’ਤੇ ਸ਼ਿਕੰਜਾ ਕੱਸਿਆ ਜਾਵੇ।  


Related News