ਚੋਣਾਂ ਤੋਂ ਬਿਨਾਂ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਦਾ ਪਿੰਡ ਵਾਸੀਆਂ ਵਲੋਂ ਵਿਰੋਧ

Tuesday, Sep 11, 2018 - 02:16 PM (IST)

ਚੋਣਾਂ ਤੋਂ ਬਿਨਾਂ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਦਾ ਪਿੰਡ ਵਾਸੀਆਂ ਵਲੋਂ ਵਿਰੋਧ

ਚੌਂਕ ਮਹਿਤਾ (ਮਨਦੀਪ ਧਰਦਿਉ) : ਪਿੰਡ ਪੱਧਰ ਦੀ ਸਿਆਸੀ ਕੜਵਾਹਟ ਖਤਮ ਕਰਨ ਲਈ ਪਿੰਡ ਮਹਿਤਾ ਦੇ ਮੋਹਤਬਰਾਂ ਵੱਲੋਂ ਇਸ ਵਾਰ ਚੋਣਾਂ 'ਚ ਅਹੁਦੇਦਾਰਾਂ ਦਾ ਐਲਾਨ ਸਰਬਸੰਮਤੀ ਕਰਨ ਦਾ ਸ਼ਲਾਘਾਯੋਗ ਕਦਮ ਪੁੱਟਿਆ ਗਿਆ। ਜਿਸ ਦੇ ਚੱਲਦੇ ਬਲਾਕ ਸੰਮਤੀ 'ਤੇ ਸਰਪੰਚੀ ਦੀ ਚੋਣ ਸਬੰਧੀ ਦਾਅਵੇਦਾਰਾਂ ਦੀ ਰਾਏਸ਼ੁਮਾਰੀ ਉਪਰੰਤ ਟਕਸਾਲ ਮੁਖੀ ਵੱਲੋ ਐਲਾਨੇ ਬਲਾਕਸੰਮਤੀ ਮੈਂਬਰ ਅਤੇ ਸਰਪੰਚਾਂ ਦਾ ਕੁਝ ਨੌਜਵਾਨਾਂ ਵੱਲੋਂ ਹੋਈ ਸਰਬਸੰਮਤੀ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ। 

ਸੂਤਰਾਂ ਮੁਤਾਬਿਕ ਪਿੰਡ ਮਹਿਤਾ ਦੀ ਸਿਆਸਤ ਵਿਚ ਕੁਝ ਅਜਿਹੇ ਮਜ਼ਬੂਤ ਚਿਹਰੇ ਹਨ ਜਿਨ੍ਹਾਂ ਦੇ ਆਲੇ-ਦੁਆਲੇ ਹੀ ਸਿਆਸਤ ਘੁੰਮਦੀ ਰਹੀ ਹੈ, ਸਭ ਦੀ ਆਪਸ ਵਿਚ ਖਹਿਬਾਜ਼ੀ ਨੂੰ ਖਤਮ ਕਰਨ ਲਈ ਇਸ ਵਾਰ ਕੁਝ ਉੱਦਮੀਆਂ ਵੱਲੋ ਸਰਬਸੰਮਤੀ ਨਾਲ ਅਹੁਦੇਦਾਰ ਚੁਨਣ ਦੀ ਗੱਲ ਚਲਾਈ ਗਈ। ਸਾਰੇ ਦਾਅਵੇਦਾਰਾਂ ਦਾ ਦਮਦਮੀ ਟਕਸਾਲ ਨਾਲ ਖਾਸਾ ਜੁੜੇ ਹੋਣ ਕਾਰਨ ਆਖ਼ਰੀ ਫੈਸਲਾ ਟਕਸਾਲ ਮੁਖੀ ਹਰਨਾਮ ਸਿੰਘ ਨੂੰ ਕਰਨ ਲਈ ਕਹਿ ਦਿੱਤਾ ਗਿਆ ਅਤੇ ਟਕਸਾਲ ਵਿਚ ਹੋਈ ਇਕੱਤਰਤਾ ਦੌਰਾਨ ਉਨ੍ਹਾ ਵੱਲੋਂ ਇਕਬਾਲ ਸਿੰਘ ਸ਼ਾਹ ਦੇ ਕਾਂਗਰਸੀ ਧੜੇ ਨੂੰ ਬਲਾਕ ਸੰਮਤੀ ਮੈਂਬਰ, ਕਾਂਗਰਸੀ ਆਗੂ ਕਸ਼ਮੀਰ ਸਿੰਘ ਕਾਲਾ ਨੂੰ ਗ੍ਰਾਮ ਪੰਚਾਇਤ ਮਹਿਤਾ ਦਾ ਸਰਪੰਚ ਅਤੇ ਅਕਾਲੀ ਦਲ ਨਾਲ ਸਬੰਧਿਤ ਗੁਰਧਿਆਨ ਸਿੰਘ ਨੂੰ ਗ੍ਰਾਮ ਪੰਚਾਇਤ ਗੁਰਬਚਨ ਸਿੰਘ ਨਗਰ ਦੇ ਬਤੌਰ ਸਰਪੰਚ ਐਲਾਨ ਦਿੱਤਾ ਗਿਆ।

ਇਸ ਸਬੰਧੀ ਵਿਰੋਧ 'ਚ ਉੱਤਰੇ ਦੋਵਾਂ ਗ੍ਰਾਮ ਪੰਚਾਇਤਾਂ ਦੇ ਨਿਵਾਸੀਆਂ ਵੱਲੋਂ ਹੋਈ ਉਕਤ ਸਰਬਸੰਮਤੀ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਨਾਕਾਰ ਦਿੱਤਾ ਗਿਆ ਅਤੇ ਕਿਹਾ ਕਿ ਬੰਦ ਕਮਰੇ ਵਿਚ ਹੋਈ ਸਰਬਸੰਮਤੀ ਪਿੰਡਾਂ ਦੇ ਲੋਕਾਂ ਨੂੰ ਮੰਜ਼ੂਰ ਨਹੀ ਹੈ, ਜੇਕਰ ਉਕਤ ਸਭ ਲੋਕਾਂ ਨੇ ਸਰਬਸੰਮਤੀ ਕਰਨੀ ਸੀ ਤਾ ਪਿੰਡ ਦੇ ਲੋਕਾਂ ਦੀ ਰਾਏ ਲੈ ਕੇ ਪਿੰਡ ਦੇ ਇਕੱਠ ਵਿਚ ਕਰਦੇ। ਉਨ੍ਹਾ ਵੱਲੋਂ ਇਸ ਸੰਬੰਧੀ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਪਿੰਡ ਵਿਚ ਹੋਈ ਸਰਬਸੰਮਤੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਬਲਾਕ ਸੰਮਤੀ ਦੀ ਨਾਮਜ਼ਦਗੀ ਨਾ ਭਰਨ ਕਾਰਨ ਇਕਬਾਲ ਸਿੰਘ ਦੇ ਧੜੇ ਦਾ ਵਿਅਕਤੀ ਜ਼ਰੂਰ ਨਿਰਵਿਰੋਧ ਬਲਾਕ ਸੰਮਤੀ ਮੈਂਬਰ ਬਣ ਚੁੱਕਾ ਹੈ ਪਰ ਸਿਆਸੀ ਮਾਹਰਾਂ ਮੁਤਾਬਿਕ ਸਮੇਂ ਤੋਂ ਪਹਿਲਾਂ ਸਰਪੰਚਾਂ ਦਾ ਐਲਾਨ ਕਰਨਾ ਸਰਪੰਚਾਂ ਦੀ ਕਿਰਕਿਰੀ ਦਾ ਕਾਰਨ ਜ਼ਰੂਰ ਬਣਿਆ ਹੈ ਕਿਉਂਕਿ ਮਿਲੀ ਸਰਪੰਚੀ ਦੇ ਜਸ਼ਨ ਸ਼ੁਰੂ ਹੋ ਚੁੱਕੇ ਸਨ।


Related News