ਬਜ਼ੁਰਗ ਬੀਬੀ ਦੇ ਕਤਲ ਦੀ ਸੁਲਝੀ ਗੁੱਥੀ, ਘਰੋਂ ਕੱਢਣ ’ਤੇ ਕੇਅਰਟੇਕਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ

09/08/2021 6:37:46 PM

ਫਿਰੋਜ਼ਪੁਰ (ਸਤੀਸ਼)-ਕੁਝ ਦਿਨ ਪਹਿਲਾਂ ਜ਼ੀਰਾ ਦੇ ਪਿੰਡ ਲਹਿਰਾ ਰੋਹੀ ਵਿਖੇ ਬਜ਼ੁਰਗ ਬੀਬੀ ਹਰਭਜਨ ਕੌਰ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਬਜ਼ੁਰਗ ਬੀੁਬੀ ਦਾ ਕਾਤਲ ਉਸ ਦੀ ਦੇਖਭਾਲ ਕਰਨ ਵਾਲਾ (ਕੇਅਰਟੇਕਰ) ਹੀ ਨਿਕਲਿਆ। ਜ਼ਿਕਰਯੋਗ ਹੈ ਕਿ ਹਰਭਜਨ ਕੌਰ ਆਪਣੇ ਪਤੀ ਅਜੀਤ ਸਿੰਘ ਨਾਲ ਪਿੰਡ ਲਹਿਰਾ ਰੋਹੀ ਵਿਖੇ ਆਪਣੇ ਘਰ ’ਚ ਰਹਿੰਦੀ ਸੀ, ਦੀ ਲਾਸ਼ ਉਨ੍ਹਾਂ ਦੇ ਕਮਰੇ ’ਚ ਪਈ ਮਿਲੀ ਸੀ। ਲਾਸ਼ ਨੂੰ ਦੇਖ ਕੇ ਲੱਗਦਾ ਸੀ ਕਿ ਬਜ਼ੁਰਗ ਬੀੁਬੀ ਦੀ ਮੌਤ ਸਾਹ ਘੁੱਟਣ ਜਾਂ ਜ਼ਹਿਰੀਲੀ ਚੀਜ਼ ਨਾਲ ਹੋਈ ਹੈ, ਜਿਸ ’ਤੇ ਪੁਲਸ ਵੱਲੋਂ ਤੁਰੰਤ ਲਾਸ਼ ਨੂੰ ਕਬਜ਼ੇ ’ਚ ਲੈ ਕੇ ਤਫਤੀਸ਼ ਸ਼ੁਰੂ ਕੀਤੀ ਗਈ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੁਲਸ ਵੱਲੋਂ ਇਸ ਮਾਮਲੇ ਸਬੰਧੀ ਕੀਤੀ ਗਈ ਜਾਂਚ ਉਪਰੰਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਗੋਲਫਰ ਬਣੇ ਜੀਵ ਮਿਲਖਾ ਸਿੰਘ

PunjabKesari

ਅੱਜ ਡੀ. ਐੱਸ. ਪੀ. ਜ਼ੀਰਾ ਰਾਜਵਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਸੁਖਦੀਪ ਸਿੰਘ ਉਰਫ ਸੀਪਾ ਪੁੱਤਰ ਆਤਮਾ ਸਿੰਘ ਵਾਸੀ ਕਲੇਰ ਥਾਣਾ ਸਦਰ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਮ੍ਰਿਤਕ ਬਜ਼ੁਰਗ ਬੀਬੀ ਦੀ ਨੂੰਹ ਦਾ ਕੋਈ ਰਿਸ਼ਤੇਦਾਰ ਸੀ, ਜੋ ਬਜ਼ੁਰਗ ਹਰਭਜਨ ਕੌਰ ਦੀ ਦੇਖਭਾਲ ਲਈ ਤਨਖਾਹ ’ਤੇ ਰੱਖਿਆ ਗਿਆ ਸੀ। ਉਕਤ ਦੋਸ਼ੀ ਦੀ ਬਜ਼ੁਰਗ ਬੀਬੀ ਨਾਲ ਅਕਸਰ ਅਣਬਣ ਰਹਿੰਦੀ ਸੀ, ਜਿਸ ਦੇ ਚਲਦਿਆਂ ਬਜ਼ੁਰਗ ਵੱਲੋਂ ਇਸ ਨੂੰ ਆਪਣੇ ਘਰੋਂ ਕੱਢ ਦਿੱਤਾ ਗਿਆ ਸੀ। ਇਸੇ ਦੇ ਚੱਲਦਿਆਂ ਦੋਸ਼ੀ ਵੱਲੋਂ ਕੁਝ ਦਿਨ ਪਹਿਲਾਂ ਘਰ ’ਚ ਦਾਖਲ ਹੋ ਕੇ ਕਮਰੇ ’ਚ ਇਕੱਲੀ ਸੁੱਤੀ ਪਈ ਬਜ਼ੁਰਗ ਹਰਭਜਨ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕਾਰਵਾਈ ਨੂੰ ਅੰਜਾਮ ਦਿੰਦਿਆਂ ਉਕਤ ਦੋਸ਼ੀ ਨੂੰ ਗੁਰੂਗ੍ਰਾਮ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਲਿਆ ਹੈ।


Manoj

Content Editor

Related News