ਚਾਰ ਮਰਲੇ ਜ਼ਮੀਨ ਲਈ ਬਜ਼ੁਰਗ ਦਾ ਕਤਲ ਕਰਨ ਵਾਲਾ ਪਿਸਤੌਲ ਸਮੇਤ ਗ੍ਰਿਫਤਾਰ

Tuesday, Jul 03, 2018 - 06:20 AM (IST)

ਚਾਰ ਮਰਲੇ ਜ਼ਮੀਨ ਲਈ ਬਜ਼ੁਰਗ ਦਾ ਕਤਲ ਕਰਨ ਵਾਲਾ ਪਿਸਤੌਲ ਸਮੇਤ ਗ੍ਰਿਫਤਾਰ

ਜਲੰਧਰ, (ਵਰੁਣ)- 2015 ਵਿਚ ਕਪੂਰਥਲਾ ਦੇ ਪਿੰਡ ਲਖਨ ਖੁਰਦ ਵਿਚ ਚਾਰ ਮਰਲੇ ਜ਼ਮੀਨ ਲਈ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਮੁਲਜ਼ਮ ਨੂੰ ਸੀ. ਆਈ. ਏ. ਸਟਾਫ-1 ਰੂਰਲ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ 7.65 ਐੈੱਮ. ਐੱਲ. ਪਿਸਤੌਲ ਤੇ 6 ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਗ੍ਰਿਫਤਾਰ ਮੁਲਜ਼ਮ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਨਾਮ ਸਿੰਘ ਖਿਲਾਫ ਕਤਲ ਤੋਂ ਇਲਾਵਾ ਗੋਲੀ ਚਲਾਉਣ, ਇਰਾਦਾ-ਏ -ਕਤਲ ਤੇ ਕੁੱਟ-ਮਾਰ ਜਿਹੇ ਕੇਸ ਦਰਜ ਹਨ। 
ਸੁਭਾਨਪੁਰ ਵਿਚ ਹੋਏ ਇਕ ਗੋਲੀਕਾਂਡ ਵਿਚ ਵੀ ਰਣਜੀਤ ਵਾਂਟੇਡ ਸੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਵਿਪਨ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਭਾਨਪੁਰ ਵਿਚ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਰਣਜੀਤ ਸਿੰਘ ਨਾਜਾਇਜ਼ ਹਥਿਆਰਾਂ ਨਾਲ ਕਰਤਾਰਪੁਰ ਸਾਈਡ ਘੁੰਮ ਰਿਹਾ ਹੈ। ਏ. ਐੈੱਸ. ਆਈ. ਵਿਪਨ ਕੁਮਾਰ ਨੇ ਤੁਰੰਤ ਆਪਣੀ ਟੀਮ ਕਰਤਾਰਪੁਰ ਰੇਡ ਕਰਨ ਲਈ ਭੇਜੀ ਤੇ ਰਣਜੀਤ ਨੂੰ ਕਾਬੂ ਕਰ ਲਿਆ। ਉਸ ਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ ਪਿਸਤੌਲ ਤੇ 6 ਗੋਲੀਆਂ ਮਿਲੀਆਂ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਰਣਜੀਤ ਨੇ ਉਕਤ ਪਿਸਤੌਲ ਯੂ. ਪੀ. ਤੋਂ 20 ਹਜ਼ਾਰ ਰੁਪਏ ਵਿਚ ਖਰੀਦੀ ਸੀ। ਰਣਜੀਤ ਦਾ ਕਹਿਣਾ ਹੈ ਕਿ ਉਸਦੀ ਦੁਸ਼ਮਣੀ ਜ਼ਿਆਦਾ ਹੋਣ ਕਾਰਨ ਉਸ ਨੇ ਪਿਸਤੌਲ ਖਰੀਦੀ ਸੀ ਤਾਂ ਜੋ ਕੋਈ ਉਸਦਾ ਨੁਕਸਾਨ ਨਾ ਕਰ ਸਕੇ। ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਇਸ ਮੁਲਜ਼ਮ ਨੇ ਚਾਰ ਮਰਲੇ ਜ਼ਮੀਨ ਪਿੱਛੇ ਲਖਨ ਖੁਰਦ ਵਿਚ ਮੰਗਤ ਸਿੰਘ ਨਾਂ ਦੇ ਬਜ਼ੁਰਗ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇਸ ਕੇਸ ਵਿਚ ਉਸਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਜਦੋਂ ਕਿ ਹੁਣ ਜ਼ਮਾਨਤ 'ਤੇ ਹੈ। ਕਤਲ ਕੇਸ ਵਿਚ ਰਾਜ਼ੀਨਾਮੇ ਦੀ ਗੱਲ ਚਲ ਰਹੀ ਹੈ। ਪਿੱਛੇ ਜਿਹੇ ਹੀ ਰਣਜੀਤ ਨੇ ਸੁਭਾਨਪੁਰ ਵਿਚ ਗੋਲੀਆਂ ਚਲਾਈਆਂ ਸਨ। ਇਸ ਬਾਰੇ ਥਾਣਾ ਸੁਭਾਨਪੁਰ ਵਿਚ ਉਸਦੇ ਖਿਲਾਫ ਕੇਸ ਦਰਜ ਹੈ। ਇਸ ਕੇਸ ਵਿਚ ਰਣਜੀਤ ਸੁਭਾਨਪੁਰ ਪੁਲਸ ਨੂੰ ਵਾਂਟੇਡ ਸੀ। ਰਣਜੀਤ ਦੇ ਖਿਲਾਫ ਕਪੂਰਥਲਾ ਵਿਚ ਚਾਰ ਕੇਸ ਦਰਜ ਹਨ। 25 ਸਾਲ ਦਾ ਰਣਜੀਤ ਸਿੰਘ ਚਾਰ ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਸ ਨੇ ਰਣਜੀਤ ਨੂੰ ਕੋਰਟ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲਿਆ ਹੈ। 


Related News