ਮੁਰਗੀਆਂ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਦਾ ਕਤਲ

01/17/2023 7:39:20 PM

ਅੰਮ੍ਰਿਤਸਰ : ਅਜਨਾਲਾ ਅਧੀਨ ਪੈਂਦੇ ਪਿੰਡ ਗੁਰਾਲਾ ਦੇ ਰਹਿਣ ਵਾਲੇ ਗੁਲਜ਼ਾਰ ਮਸੀਹ ਤੇ ਉਸ ਦੇ ਲੜਕੇ ਮੈਨੂਅਲ ਮਸੀਹ 'ਤੇ ਗੁਆਂਢੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਸਪਤਾਲ 'ਚ ਇਲਾਜ ਦੌਰਾਨ ਗੁਲਜ਼ਾਰ ਦੀ ਮੌਤ ਹੋ ਗਈ। ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਪੁਲਸ ਨੇ ਪਿੰਡ ਗੁਰਾਲਾ ਵਾਸੀ ਮੂਸਾ ਮਸੀਹ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਪਿੰਡ ਗੁਰਾਲਾ ਵਾਸੀ ਅਲਾਸ ਮਸੀਹ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਗੁਲਜ਼ਾਰ ਮਸੀਹ ਤੇ ਪੁੱਤਰ ਮੈਨੂਅਲ ਮਸੀਹ ਮਜ਼ਦੂਰੀ ਕਰਦੇ ਹਨ। ਉਨ੍ਹਾਂ ਨੇ ਆਪਣੇ ਘਰ ਮੁਰਗੀਆਂ ਰੱਖੀਆਂ ਹੋਈਆਂ ਹਨ ਤੇ ਅਕਸਰ ਮੁਰਗੀਆਂ ਗੁਆਂਢ 'ਚ ਰਹਿੰਦੇ ਮੂਸਾ ਮਸੀਹ ਦੇ ਘਰ ਚਲੇ ਜਾਂਦੀਆਂ ਸਨ। ਇਸ ਗੱਲ ਨੂੰ ਲੈ ਕੇ ਮੂਸਾ ਝਗੜਾ ਕਰਦਾ ਸੀ। ਲੋਹੜੀ ਵਾਲੀ ਰਾਤ ਕੁਝ ਮੁਰਗੀਆਂ ਮੂਸਾ ਦੇ ਘਰ ਵੜ ਗਈਆਂ ਤੇ ਰੌਲਾ ਪੈਣ 'ਤੇ ਉਹ ਉਸ ਦੇ ਘਰ ਜਾ ਕੇ ਮੁਰਗੀਆਂ ਲਿਆਇਆ। ਇਸ ਤੋਂ ਬਾਅਦ ਮੂਸਾ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੇ ਘਰ ਦਾਖਲ ਹੋ ਗਿਆ ਤੇ ਗਾਲੀ-ਗਲੋਚ ਕਰਦਿਆਂ ਉਨ੍ਹਾਂ ਦੇ ਪਤੀ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਜਦੋਂ ਪੁੱਤਰ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੂਸਾ ਨੇ ਉਸ ਨੂੰ ਵੀ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੂਸਾ ਫਰਾਰ ਹੋ ਗਿਆ। ਪੀੜਤਾ ਨੇ ਦੱਸਿਆ ਕਿ ਉਸ ਨੇ ਦੋਵੇਂ ਪਿਓ-ਪੁੱਤ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਐਤਵਾਰ ਨੂੰ ਉਸ ਦੇ ਪਤੀ ਗੁਲਜ਼ਾਰ ਦੀ ਮੌਤ ਹੋ ਗਈ। ਉਸ ਨੂੰ ਨੇੜਲੇ ਕਬਰਸਤਾਨ 'ਚ ਦਫ਼ਨਾਇਆ ਗਿਆ। ਬਾਅਦ 'ਚ ਜਦੋਂ ਰਿਸ਼ਤੇਦਾਰਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਥਾਣਾ ਅਜਨਾਲਾ 'ਚ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨੌਜਵਾਨ ਨੇ ਚੱਲਦੀ ਬੱਸ ’ਚ ਵਿਦਿਆਰਥਣ ਨੂੰ ਮਾਰੀ ਗੋਲ਼ੀ, ਹੋਇਆ ਫਰਾਰ

ਪੁਲਸ ਅਧਿਕਾਰੀ  ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਪੁਲਸ ਨੂੰ ਦੱਸੇ ਬਿਨਾਂ ਗੁਲਜ਼ਾਰ ਦੀ ਲਾਸ਼ ਨੂੰ ਦਫ਼ਨਾ ਦਿੱਤਾ ਸੀ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਸੋਮਵਾਰ ਨੂੰ ਤਹਿਸੀਲਦਾਰ ਦੀ ਹਾਜ਼ਰੀ 'ਚ ਥਾਣਾ ਅਜਨਾਲਾ ਦੀ ਪੁਲਸ ਪਿੰਡ ਗੁਰਾਲਾ ਦੇ ਸ਼ਮਸ਼ਾਨਘਾਟ ਪੁੱਜੀ, ਜਿੱਥੇ ਮਜ਼ਦੂਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਹੁਣ ਮੰਗਲਵਾਰ ਸਵੇਰੇ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ 'ਚ ਗੁਲਜ਼ਾਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News