ਬਜ਼ੁਰਗ ਜੋੜੇ ਨੇ ਕੋਠਾ ਢਾਹੁਣ ਵਾਲਿਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ

Tuesday, Apr 17, 2018 - 04:30 AM (IST)

ਝਬਾਲ/ਬੀੜ ਸਾਹਿਬ,  (ਲਾਲੂਘੁੰਮਣ, ਬਖਤਾਵਰ, ਭਾਟੀਆ)-  ਸੋਹਲ ਵਾਸੀ ਇਕ ਬਜ਼ੁਰਗ ਜੋੜੇ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਸ਼ੀਲੋ ਨੇ ਉਨ੍ਹਾਂ ਦਾ ਕੱਚਾ ਕੋਠਾ ਢਾਹੁਣ ਵਾਲੇ ਉਸ ਦੇ ਲੜਕਿਆਂ ਅਤੇ ਧੋਖੇ ਨਾਲ ਗਲਤ ਬਿਆਨਾਂ 'ਤੇ ਅੰਗੂਠਾ ਲਵਾਉਣ ਵਾਲੇ ਪੁਲਸ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦੀ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ। ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਡਾਇਰੈਕਟਰ ਮਾਰਕਫੈੱਡ ਹਰਸ਼ਰਨ ਸਿੰਘ ਮੱਲ੍ਹਾ ਸੋਹਲ, ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਸੂਬਾ ਸਕੱਤਰ ਗੁਰਪਾਲ ਸਿੰਘ ਹੈਪੀ ਦਿੱਲੀ, ਸਾਬਕਾ ਮੈਂਬਰ ਲਖਬੀਰ ਸਿੰਘ, ਸਾਬਕਾ ਮੈਂਬਰ ਪੰਚਾਇਤ ਬਲਵਿੰਦਰ ਸਿੰਘ, ਮੈਂਬਰ ਪੰਚਾਇਤ ਅਵਤਾਰ ਸਿੰਘ ਅਤੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਪੱਤਰਕਾਰ ਸੰਮੇਲਨ 'ਚ ਆਪਣੀ ਦੁੱਖ ਭਰੀ ਦਾਸਤਾਨ ਬਿਆਨ ਕਰਦਿਆਂ ਬਜ਼ੁਰਗ ਜੋੜੇ ਕਰਨੈਲ ਸਿੰਘ ਤੇ ਉਸ ਦੀ ਪਤਨੀ ਸ਼ੀਲੋ ਨੇ ਦੱਸਿਆ ਕਿ ਸਰਕਾਰ ਦੀ ਸਕੀਮ ਤਹਿਤ ਉਨ੍ਹਾਂ ਨੂੰ ਪਖਾਨਾ ਬਣਾਉਣ ਲਈ ਗ੍ਰਾਂਟ ਮਿਲੀ ਸੀ, ਜਿਸ ਕਾਰਨ ਉਹ ਆਪਣੇ ਛੋਟੇ ਲੜਕੇ ਬਲਵੀਰ ਸਿੰਘ ਦੇ ਘਰ 'ਚ ਪਖਾਨਾ ਬਣਾਉਣ ਲਈ ਸਹਿਮਤ ਸੀ ਪਰ ਉਸ ਦੇ ਦੂਜੇ ਲੜਕੇ ਬਲਵਿੰਦਰ ਸਿੰਘ ਤੇ ਬਗੀਚਾ ਸਿੰਘ ਇਸ ਦਾ ਵਿਰੋਧ ਕਰਦੇ ਸਨ। ਇਸ ਕਾਰਨ ਘਰ 'ਚ ਕਲੇਸ਼ ਵਧ ਗਿਆ ਤੇ ਉਕਤ ਲੋਕਾਂ ਨੇ ਉਸ ਦਾ ਕੱਚਾ ਮਕਾਨ ਹੀ ਢਾਹ ਦਿੱਤਾ।
 ਕਰਨੈਲ ਸਿੰਘ ਤੇ ਬੀਬੀ ਸ਼ੀਲੋ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਥਾਣਾ ਝਬਾਲ ਵਿਖੇ 31 ਮਾਰਚ 2018 ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਕਿ ਉਨ੍ਹਾਂ ਨਾਲ ਬਗੀਚਾ ਸਿੰਘ ਤੇ ਬਲਵਿੰਦਰ ਸਿੰਘ ਝਗੜਾ ਕਰਦੇ ਹਨ ਅਤੇ ਕੁੱਟ-ਮਾਰ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਸ ਵੱਲੋਂ ਉਕਤ ਲੋਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ, ਸਗੋਂ ਉਨ੍ਹਾਂ ਦੀ ਮਦਦ ਕਰਨ ਵਾਲੇ ਵਿਅਕਤੀਆਂ ਖਿਲਾਫ ਕੁੱਟ-ਮਾਰ ਕਰਨ ਦੇ ਇਲਜ਼ਾਮਾਂ ਹੇਠ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਹੈ।
 ਉਨ੍ਹਾਂ ਨੇ ਥਾਣਾ ਝਬਾਲ ਦੇ ਪੁਲਸ ਮੁਲਾਜ਼ਮ ਵੱਲੋਂ ਕਲਮਬੰਦ ਕੀਤੇ ਗਏ ਬਿਆਨ 'ਤੇ ਸਵਾਲ ਚੁੱਕਦਿਆਂ ਅਤੇ ਦਰਜ ਬਿਆਨਾਂ ਦੀ ਨਕਲ ਦਿੰਦਿਆਂ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਉਕਤ ਥਾਣੇਦਾਰ ਵੱਲੋਂ ਕੁਝ ਅਖੌਤੀ ਸਿਆਸੀ ਆਗੂਆਂ ਦੀ ਸ਼ਹਿ 'ਤੇ ਆਪੇ ਬਿਆਨ ਲਿਖ ਕੇ ਉਸ ਦੀ ਨੂੰਹ ਸੁਮਿਤਰੋ ਦਾ ਅੰਗੂਠਾ ਲਵਾ ਲਿਆ ਗਿਆ ਹੈ, ਜੋ ਬਿਆਨ ਉਨ੍ਹਾਂ ਦੇ ਵਿਰੁੱਧ ਕਲਮਬੰਦ ਕੀਤਾ ਗਿਆ ਹੈ। 
ਕੀ ਕਹਿਣੈ ਦੂਜੀ ਧਿਰ ਦਾ : ਦੂਜੀ ਧਿਰ ਬਲਵਿੰਦਰ ਸਿੰਘ ਤੇ ਬਗੀਚਾ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਕਿਉਂਕਿ ਉਸ ਦੇ ਮਾਤਾ-ਪਿਤਾ ਵੱਲੋਂ ਜੋ ਕਮਰਾ ਢਾਹੁਣ ਦੀ ਗੱਲ ਕਹੀ ਜਾ ਰਹੀ ਹੈ ਉਹ ਕਮਰਾ ਨਹੀਂ ਬਲਕਿ ਕੱਚੀ ਰਸੋਈ ਹੈ, ਜਿਸ ਜਗ੍ਹਾ 'ਤੇ ਪਹਿਲਾਂ ਉਹ ਪਖਾਨਾ ਬਣਾਉਣਾ ਚਾਹੁੰਦੇ ਸਨ ਉਹ ਉਨ੍ਹਾਂ ਵੱਲੋਂ ਖੁਦ ਹੀ ਢਾਹਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਅਦ 'ਚ ਉਨ੍ਹਾਂ ਨੇ ਦੂਜੇ ਲੜਕੇ ਬਲਵੀਰ ਸਿੰਘ ਦੇ ਘਰ ਪਖਾਨਾ ਬਣਾਉਣ ਦੀ ਸਕੀਮ ਬਣਾ ਲਈ, ਜਿਸ ਸਬੰਧੀ ਪਿੰਡ ਦੇ ਮੋਹਤਬਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਇਕੱਠੇ ਹੋਏ ਸਨ ਕਿ ਪਖਾਨਾ ਬਲਵੀਰ ਸਿੰਘ ਦੇ ਘਰ ਨਹੀਂ ਸਗੋਂ ਸਾਂਝੀ ਜਗ੍ਹਾ 'ਚ ਬਣਾਇਆ ਜਾਵੇ ਪਰ ਪਿੰਡ ਦੇ ਮੋਹਤਬਰਾਂ ਦੀ ਉਸ ਦੇ ਮਾਤਾ-ਪਿਤਾ ਵੱਲੋਂ ਗੱਲ ਨਾ ਮੰਨਣ 'ਤੇ ਉਹ ਚਲੇ ਗਏ ਤਾਂ ਉਨ੍ਹਾਂ ਦੇ ਭਰਾ ਨੇ ਬਾਹਰੋਂ ਮੰਗਵਾਏ ਬੰਦਿਆਂ ਤੋਂ ਉਨ੍ਹਾਂ ਉਪਰ ਹਮਲਾ ਕਰਵਾ ਕੇ ਸੱਟਾਂ ਲਾ ਦਿੱਤੀਆਂ ਗਈਆਂ, ਜਿਸ ਮਾਮਲੇ 'ਚ ਹੀ ਉਕਤ ਲੋਕਾਂ ਵਿਰੁੱਧ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।
 ਇਸ ਬਾਰੇ ਸਬੰਧਤ ਪੁਲਸ ਮੁਲਾਜ਼ਮ ਨੇ ਆਪਣੇ ਉਪਰ ਲਾਏ ਜਾ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸੇ ਦੇ ਦਬਾਅ ਹੇਠ ਕਾਰਵਾਈ ਨਹੀਂ ਹੋਈ, ਸਗੋਂ ਝਗੜੇ 'ਚ ਜ਼ਖਮੀ ਹੋਏ ਸਰਕਾਰੀ ਹਸਪਤਾਲ ਕਸੇਲ 'ਚ ਦਾਖਲ ਬਲਵਿੰਦਰ ਸਿੰਘ ਅਤੇ ਭਗਵੰਤ ਸਿੰਘ ਦੀ ਮੈਡੀਕਲ ਰਿਪੋਰਟ 'ਤੇ ਦਰਜ ਬਿਆਨਾਂ ਦੇ ਆਧਾਰ 'ਤੇ ਦੂਜੀ ਧਿਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
 ਉਨ੍ਹਾਂ ਕਲਮਬੰਦ ਕੀਤੇ ਗਏ ਬਿਆਨਾਂ ਨੂੰ ਬਿਲਕੁਲ ਸਹੀ ਕਰਾਰ ਦਿੰਦਿਆਂ ਕਿਹਾ ਕਿ ਬਿਆਨ ਪਿੰਡ ਦੇ ਮੋਹਤਬਰ ਵਿਅਕਤੀ ਮੈਂਬਰ ਪੰਚਾਇਤ ਦੀ ਹਾਜ਼ਰੀ 'ਚ ਦਰਜ ਕੀਤੇ ਗਏ ਹਨ ਅਤੇ ਪੰਜਾਬੀ 'ਚ ਦਰਜ ਕੀਤੇ ਗਏ ਬਿਆਨ ਸਬੰਧਤ ਧਿਰ ਨੂੰ ਮੌਕੇ 'ਤੇ ਪੜ੍ਹ ਕੇ ਸੁਣਾਉਣ ਉਪਰੰਤ ਅੰਗੂਠਾ ਲਵਾਇਆ ਗਿਆ ਹੈ। 


Related News