ਘਰ 'ਚ ਦਾਖਲ ਹੋ ਬਜ਼ੁਰਗ 'ਤੇ ਕੀਤਾ ਹਮਲਾ, ਪੀ. ਜੀ. ਆਈ. 'ਚ ਮੌਤ
Saturday, Oct 03, 2020 - 02:41 PM (IST)
ਨੂਰਪੁਰਬੇਦੀ (ਭੰਡਾਰੀ/ਕੁਲਦੀਪ) : ਬੀਤੀ 30 ਸਤੰਬਰ ਨੂੰ ਖੇਤਰ ਦੇ ਪਿੰਡ ਝਾਂਡੀਆਂ ਖੁਰਦ ਵਿਖੇ 2 ਧਿਰਾਂ 'ਚ ਹੋਏ ਇਕ ਝਗੜੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀਂ ਹੋਏ ਇਕ 62 ਸਾਲਾ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਵਿਅਕਤੀ ਅਸ਼ੋਕ ਕੁਮਾਰ ਨਿਵਾਸੀ ਝਾਂਡੀਆਂ ਖੁਰਦ ਦੇ ਪੁੱਤਰ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਸਥਾਨਕ ਪੁਲਸ ਨੇ 3 ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕ ਦੇ ਲੜਕੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਬੀਤੀ 30 ਸਤੰਬਰ ਨੂੰ ਰਾਤ ਕਰੀਬ ਸਾਢੇ 10 ਵਜੇ ਘਰ ਨੇੜੇ ਆਪਣੇ ਖੇਤਾਂ 'ਚ ਟ੍ਰੈਕਟਰ ਨਾਲ ਕੰਮ ਕਰ ਰਿਹਾ ਸੀ। ਇਸ ਦੌਰਾਨ ਸਾਡੇ ਖੇਤਾਂ 'ਚ ਪ੍ਰਿੰਸ ਕੁਮਾਰ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਬਾਹਮਣ ਮਾਜਰਾ ਆਇਆ ਤੇ ਮੰਜੇ 'ਤੇ ਬੈਠ ਗਿਆ। ਜਦੋਂ ਉਕਤ ਵਿਅਕਤੀ ਕਾਫ਼ੀ ਦੇਰ ਤੱਕ ਬਿਨ੍ਹਾਂ ਵਜ੍ਹਾ ਬੈਠਾ ਰਿਹਾ ਤਾਂ ਮੇਰੇ ਵੱਲੋਂ ਉਸਨੂੰ ਘਰ ਚਲੇ ਜਾਣ ਲਈ ਕਿਹਾ ਗਿਆ ਪਰ ਉਸਨੇ ਇਹ ਸੁਣਦਿਆਂ ਹੀ ਮੇਰੀ ਕੁੱਟਮਾਰ ਕੀਤੀ ਅਤੇ ਚਲਾ ਗਿਆ। ਕਰੀਬ 15-20 ਮਿੰਟਾਂ ਬਾਅਦ ਹੀ ਮੈਨੂੰ ਮੇਰੇ ਘਰੋਂ ਕੁੱਟਮਾਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਜਦੋਂ ਘਰ ਜਾ ਕੇ ਦੇਖਿਆ ਤਾਂ ਪ੍ਰਿੰਸ ਕੁਮਾਰ ਪੁੱਤਰ ਜੋਗਿੰਦਰ ਸਿੰਘ ਤੇ ਬਲਜੀਤ ਉਰਫ਼ ਭੱਟੀ ਪੁੱਤਰ ਦਿਲਵਾਰ ਦੋਵੇਂ ਨਿਵਾਸੀ ਬਾਹਮਣ ਮਾਜਰਾ ਵੱਲੋਂ ਰਾਡਾਂ ਨਾਲ ਜਦਕਿ ਤੀਸਰੇ ਵਿਅਕਤੀ ਕਰਨਜੀਤ ਸਿੰਘ ਉਰਫ਼ ਬਾਸੂ ਪੁੱਤਰ ਦੇਸਰਾਜ ਮੱਲ੍ਹ ਨਿਵਾਸੀ ਬਾਹਮਣ ਮਾਜਰਾ ਵੱਲੋਂ ਮੇਰੇ ਪਿਤਾ ਅਸ਼ੋਕ ਕੁਮਾਰ 'ਤੇ ਡੰਡੇ ਨਾਲ ਸਿਰ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ।
ਇਸ ਦੌਰਾਨ ਮੈਂ ਤੇ ਮੇਰੀ ਮਾਤਾ ਆਸ਼ਾ ਰਾਣੀ ਆਪਣੇ ਪਿਤਾ ਅਸ਼ੋਕ ਕੁਮਾਰ ਨੂੰ ਬਚਾਉਣਾ ਚਾਹੁੰਦੇ ਸਨ। ਮਗਰ 3-4 ਹੋਰ ਅਣਪਛਾਤੇ ਵਿਅਕਤੀਆਂ ਨੇ ਸਾਨੂੰ ਰੋਕ ਲਿਆ ਜਦਕਿ ਉਕਤ ਹਮਲਾਵਰ ਵਿਅਕਤੀ ਮੇਰੇ ਪਿਤਾ ਨੂੰ ਜ਼ਮੀਨ 'ਤੇ ਜਖ਼ਮੀਂ ਹਾਲਤ 'ਚ ਡਿੱਗਿਆ ਛੱਡ ਕੇ ਇਕ ਚਿੱਟੇ ਰੰਗ ਦੀ ਕਾਰ 'ਚ ਫਰਾਰ ਹੋ ਗਏ। ਇਸ ਦੌਰਾਨ ਉਹ ਪਿਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲੈ ਕੇ ਗਿਆ ਜਿੱਥੋਂ ਉਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ।
ਥਾਣਾ ਮੁੱਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ 'ਤੇ ਕਥਿਤ ਮੁਲਜ਼ਮਾਂ ਪ੍ਰਿੰਸ ਕੁਮਾਰ ਪੁੱਤਰ ਜੋਗਿੰਦਰ ਸਿੰਘ, ਬਲਜੀਤ ਉਰਫ਼ ਭੱਟੀ ਪੁੱਤਰ ਦਿਲਵਾਰ ਅਤੇ ਕਰਨਜੀਤ ਸਿੰਘ ਉਰਫ਼ ਬਾਸੂ ਪੁੱਤਰ ਦੇਸਰਾਜ ਮੱਲ੍ਹ ਤਿੰਨੋਂ ਨਿਵਾਸੀ ਪਿੰਡ ਬਾਹਮਣ ਮਾਜਰਾ, ਥਾਣਾ ਨੂਰਪੁਰਬੇਦੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਸਿਰਫ ਇੰਨਾ ਕਿਹਾ ਕਿ ਫਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।