ਨਹੀਂ ਰੀਸਾਂ ਬਾਬਾ ਤੇਰੀਆਂ, 85 ਸਾਲ ਦੀ ਉਮਰ ''ਚ ਗੱਡ ਰਿਹੈ ਝੰਡੇ
Wednesday, Dec 04, 2019 - 05:18 PM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਤਹਿਸੀਲ ਦੇ ਪਿੰਡ ਗਿੱਦੜਪੁਰ ਦੇ 85 ਸਾਲਾ ਬਜ਼ੁਰਗ ਜਸਪਾਲ ਸਿੰਘ ਛੋਕਰ ਨੇ ਚੰਡੀਗੜ੍ਹ ਵਿਖੇ ਹੋਈ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿਚ ਡਿਸਕਸ ਥ੍ਰੋਅ ਅਤੇ ਸ਼ਾਟਪੁੱਟ ਵਿਚ ਸੋਨੇ ਦੇ ਤਮਗੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਬਜ਼ੁਰਗ ਐਥਲੀਟ ਵਲੋਂ ਇਸ ਤੋਂ ਪਹਿਲਾਂ ਵੀ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ 'ਤੇ ਅਨੇਕਾਂ ਜਿੱਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਤਾਜ਼ਾ ਜਿੱਤੇ ਤਮਗੇ ਅਤੇ ਸਰਟੀਫ਼ਿਕੇਟ ਵਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਉਕਤ ਚੈਂਪੀਅਨਸ਼ਿਪ ਸੈਕਟਰ-46 ਦੇ ਸਪੋਰਟਸ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ ਸੀ। ਉਨ੍ਹਾਂ 80 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲਿਆਂ ਵਿਚ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਡਿਸਕਸ ਥ੍ਰੋਅ ਵਿਚ ਉਨ੍ਹਾਂ 20.07 ਮੀਟਰ ਦੂਰੀ ਉੱਤੇ ਡਿਸਕਸ ਸੁੱਟ ਕੇ ਪਹਿਲਾ ਇਨਾਮ ਜਿੱਤਿਆ। ਸ਼ਾਟਪੁੱਟ ਵਿਚ 8 ਮੀਟਰ ਦੀ ਦੂਰੀ ਨਾਲ ਸੋਨੇ ਦਾ ਤਮਗਾ ਹਾਸਲ ਕੀਤਾ।