ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ’ਤੇ ਵਿਰੋਧੀ ਧਿਰ ’ਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ

Monday, Mar 04, 2024 - 06:29 PM (IST)

ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ’ਤੇ ਵਿਰੋਧੀ ਧਿਰ ’ਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ਲਈ ਵਿਰੋਧੀ ਧਿਰ ਉਤੇ ਜੰਮ ਕੇ ਵਰ੍ਹਦਿਆਂ ਕਿਹਾ ਕਿ ਅਸਲ ’ਚ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਉਪਰਾਲੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਹਜ਼ਮ ਨਹੀਂ ਹੋ ਰਹੇ। ਸਦਨ ’ਚ ਰਾਜਪਾਲ ਦੇ ਭਾਸ਼ਣ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਸੂਬੇ ਦੀ ਭੋਰਾ ਵੀ ਪ੍ਰਵਾਹ ਨਹੀਂ ਸਗੋਂ ਇਹ ਲੋਕ ਕਿਸੇ ਨਾ ਕਿਸੇ ਢੰਗ ਨਾਲ ਸਿਆਸੀ ਚੌਧਰੀ ਬਣੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਵਿਰੋਧੀ ਪਾਰਟੀ ਅੰਨਦਾਤਿਆਂ ਦੇ ਮੁੱਦਿਆਂ ’ਤੇ ਸਿਰਫ਼ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਸ਼ੱਕੀ ਕਿਰਦਾਰ ਕਰਕੇ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਅਤੇ ਹੁਣ ਅਗਾਮੀ ਲੋਕ ਸਭਾ ਚੋਣਾਂ ’ਚ ਵੀ ਇਹ ਪੰਜਾਬ ਵਾਸੀ ਇਨ੍ਹਾਂ ਨੂੰ ਸਬਕ ਸਿਖਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਬੇਮਿਸਾਲ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਖੁਸ਼ਹਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਸਗੋਂ ਇਨ੍ਹਾਂ ਆਗੂਆਂ ਨੂੰ ਸਿਰਫ਼ ਸੱਤਾ ਹਾਸਲ ਕਰਨ ਦੀ ਚਿੰਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ,‘‘ਇਨ੍ਹਾਂ ਲੋਕਾਂ ਦੀਆਂ ਮਾੜੀਆਂ ਨੀਤੀਆਂ ਨੇ ਸੂਬੇ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਲੋਕਾਂ ਨੂੰ ਦੋ ਡੰਗ ਦੀ ਰੋਟੀ ਦਾ ਬੰਦੋਬਸਤ ਕਰਨ ਲਈ ਮਾਮੂਲੀ ਜਿਹੀਆਂ ਨੌਕਰੀਆਂ ਕਰਨੀਆਂ ਪਈਆਂ ਹਨ, ਜਦੋਂ ਕਿ ਇਨ੍ਹਾਂ ਲੋਕਾਂ ਨੇ ਆਪਣੇ ਪਿਓ-ਦਾਦਿਆਂ ਦੇ ਤਸਕਰੀ ਦੇ ‘ਸੋਨੇ ਦੇ ਬਿਸਕੁਟਾਂ’ ਦੇ ਸਹਾਰੇ ਜ਼ਿੰਦਗੀ ਦਾ ਆਨੰਦ ਮਾਣਿਆ ਹੈ।” 

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ’ਚ ਖੜਕਾ-ਦੜਕਾ, ਮੁੱਖ ਮੰਤਰੀ ਬੋਲੇ, ਓ ਬਾਜਵਾ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਸਰਕਾਰ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਇਕ-ਇਕ ਪੈਸਾ ਲੋਕਾਂ ਦੀ ਭਲਾਈ ਲਈ ਸੂਝ-ਬੂਝ ਨਾਲ ਵਰਤਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਨੇ ਬੇਮਿਸਾਲ ਤਰੱਕੀ ਅਤੇ ਵਿਕਾਸ ਕੀਤਾ ਹੈ ਜਿਸ ਨੂੰ ਇਹ ਆਗੂ ਹਜ਼ਮ ਨਹੀਂ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਮ ਆਦਮੀ ਕਲੀਨਿਕ, ਤੀਰਥ ਯਾਤਰਾ ਯੋਜਨਾ, ਸਕੂਲ ਆਫ਼ ਐਮੀਨੈਂਸ, ਮੁਫ਼ਤ ਬਿਜਲੀ, ਬੁਨਿਆਦੀ ਢਾਂਚੇ ਦਾ ਵੱਡੇ ਪੱਧਰ ’ਤੇ ਵਿਕਾਸ ਜਾਂ ਹੋਰ ਲੋਕ ਪੱਖੀ ਪਹਿਲਕਦਮੀਆਂ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਲਸੀ ਲੀਡਰਾਂ ਨੂੰ ਸਿਰਫ਼ ਸੱਤਾ ਦੀ ਭੁੱਖ ਹੈ ਕਿਉਂਕਿ ਇਹ ਲੋਕ ਇਸ ਤੋਂ ਬਿਨਾਂ ਨਹੀਂ ਰਹਿ ਸਕਦੇ ਅਤੇ ਵਿਰੋਧੀ ਧਿਰ ’ਚ ਰਹਿ ਕੇ ਇਨ੍ਹਾਂ ਦਾ ਗੁਜ਼ਾਰਾ ਹੁਣ ਬਹੁਤ ਔਖਾ ਹੋ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਤੋਂ ਤੰਗ ਆ ਕੇ ਲੋਕਾਂ ਨੇ ਸਾਲ 2022 ’ਚ ਗੈਰ-ਸਿਆਸੀ ਪਿਛੋਕੜ ਵਾਲੇ 95 ਫੀਸਦੀ ਲੋਕਾਂ ਨੂੰ ਆਪਣੇ ਵਿਧਾਇਕ ਚੁਣਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਨਿੱਜੀ ਕੰਪਨੀ ਦੇ ਜੀ. ਵੀ. ਕੇ. ਪਾਵਰ ਪਾਵਰ ਦੀ ਮਾਲਕੀ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਪਹਿਲੀ ਵਾਰ ਉਲਟਾ ਰੁਝਾਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਰਕਾਰ ਨੇ ਪ੍ਰਾਈਵੇਟ ਪਾਵਰ ਪਲਾਂਟ ਖਰੀਦਿਆ ਹੈ ਜਦਕਿ ਪਹਿਲਾਂ ਸੂਬਾ ਸਰਕਾਰਾਂ ਆਪਣੀਆਂ ਜਾਇਦਾਦਾਂ ਚਹੇਤੇ ਵਿਅਕਤੀਆਂ ਨੂੰ ਕੌਡੀਆਂ ਦੇ ਭਾਅ ਵੇਚਦੀਆਂ ਸਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਥਰਮਲ ਪਲਾਂਟ ਦਾ ਨਾਂ ਤੀਜੇ ਸਿੱਖ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਗੋਇੰਦਵਾਲ ਸਾਹਿਬ ਵਿਖੇ ਬਿਤਾਇਆ ਸੀ।

ਇਹ ਵੀ ਪੜ੍ਹੋ : ਮੁਹਾਲੀ ’ਚ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 15 ਰਾਊਂਡ ਹੋਏ ਫਾਇਰ

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ’ਚੋਂ ਬਹੁਤੇ ਆਗੂ ‘ਮੌਕਾਪ੍ਰਸਤ ਅਤੇ ਦਲ-ਬਦਲੂ’ ਹਨ ਜੋ ਆਪਣੇ ਸਵਾਰਥਾਂ ਅਨੁਸਾਰ ਵਫ਼ਾਦਾਰੀ ਬਦਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਕਦੇ ਵੀ ਆਮ ਆਦਮੀ ਦੀ ਭਲਾਈ ਦੀ ਪ੍ਰਵਾਹ ਨਹੀਂ ਕੀਤੀ ਅਤੇ ਹਮੇਸ਼ਾ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਸਿਰਫ਼ ਆਪਣੀ ਹਾਈਕਮਾਨ ਨੂੰ ਖੁਸ਼ ਕਰਨ ਲਈ ਪੰਜਾਬ ਦਾ ਪੈਸਾ ਦੂਜੇ ਸੂਬਿਆਂ ’ਚ ਲੁਟਾ ਦਿੱਤਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਸਦਨ ਦੇ ਸਪੀਕਰ ਨੂੰ ਜਿੰਦਰਾ ਭੇਟ ਕਰਕੇ ਵਿਧਾਨ ਸਭਾ ਸਦਨ ਦੇ ਗੇਟ ਨੂੰ ਅੰਦਰੋਂ ਤਾਲਾ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਿਰੋਧੀ ਧਿਰ ਬਾਹਰ ਨਾ ਜਾ ਸਕੇ। ਉਨ੍ਹਾਂ ਕਿਹਾ ਹੈ,‘‘ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਸਦਨ ਤੋਂ ਭੱਜ ਗਈ ਸੀ, ਸਦਨ ਦੇ ਨਿਗਰਾਨ ਵਜੋਂ ਸਪੀਕਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਸਦਨ ਤੋਂ ਨਾ ਭੱਜੇ। ਵਿਰੋਧੀ ਧਿਰ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਬਹਾਨੇ ਸਦਨ ਤੋਂ ਭੱਜਣ ਦੀ ਆਦਤ ਹੈ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਸਦਨ ਦਾ ਮਜ਼ਾਕ ਹੈ।” ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਸਮੁੱਚੇ ਇਤਿਹਾਸ ’ਚ ਸਪੀਕਰ ਨੂੰ ਕਦੇ ਵੀ ਕਿਸੇ ਨੇ ਅਜਿਹਾ ਤੋਹਫਾ ਨਹੀਂ ਦਿੱਤਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਸਦਨ ਦੀ ਕਾਰਵਾਈ ਦੌਰਾਨ ਭੱਜਣ ਲਈ ਨਹੀਂ ਚੁਣਿਆ, ਸਗੋਂ ਇਨ੍ਹਾਂ ਨੂੰ ਬਹਿਸਾਂ ’ਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਜਮਹੂਰੀਅਤ ਨੂੰ ਬਚਾਉਣ ਦਾ ਇਕੋ-ਇਕ ਮਕਸਦ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਰਾਜਪਾਲ ਦੇ ਭਾਸ਼ਣ ਤੋਂ ਸਿਰਫ਼ ਇਸ ਲਈ ਭੱਜ ਗਈ ਹੈ ਕਿਉਂਕਿ ਉਹ ਸੱਚਾਈ ਸੁਣਨਾ ਨਹੀਂ ਚਾਹੁੰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਵਿਧਾਨ ਸਭਾ ਦੇ ਲੰਬੇ ਸੈਸ਼ਨ ਦੀ ਮੰਗ ਕਰਦੀ ਸੀ ਪਰ ਹੁਣ ਉਹ ਇਸ ’ਚ ਹਾਜ਼ਰ ਹੋਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਨੇ ਵਾਕਆਊਟ ਕਰਕੇ ਆਪਣੀਆਂ ਬੈਠਕਾਂ ਨੂੰ ਖ਼ਤਰੇ ’ਚ ਪਾਉਣਾ ਹੈ ਤਾਂ ਲੰਬੇ ਸੈਸ਼ਨਾਂ ਦਾ ਕੋਈ ਫਾਇਦਾ ਨਹੀਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਸਦਨ ’ਚੋਂ ਭੱਜ ਜਾਣਾ ਵਿਰੋਧੀ ਧਿਰ ਦੇ ਪਤਨ ਦਾ ਕਾਰਨ ਹੈ ਕਿਉਂਕਿ ਜਨਤਕ ਮਹੱਤਵ ਵਾਲੇ ਮੁੱਦਿਆਂ ਤੋਂ ਭੱਜਣ ਦੇ ਉਨ੍ਹਾਂ ਦੇ ਅਜਿਹੇ ਰਵੱਈਏ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਘਰ ’ਚੋਂ ਬਰਾਮਦ ਹੋਈਆਂ 2 ਬੱਚਿਆਂ ਦੀਆਂ ਲਾਸ਼ਾਂ, ਮਾਂ ਤੇ ਪਿਓ ਘਰੋਂ ਗ਼ਾਇਬ

ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮਸਲਿਆਂ ਤੋਂ ਭੱਜ ਜਾਣਾ ਕਾਂਗਰਸ ਦੇ ਡੀ. ਐੱਨ. ਏ. ’ਚ ਹੈ ਅਤੇ ਏਸੇ ਰਾਹ ’ਤੇ ਸੂਬਾ ਕਾਂਗਰਸ ਚੱਲ ਰਹੀ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ’ਚ ਬਜਟ ਇਜਲਾਸ ਚੱਲ ਰਿਹਾ ਸੀ ਤਾਂ ਉਸ ਵੇਲੇ ਕਾਂਗਰਸ ਦਾ ਸੀਨੀਅਰ ਨੇਤਾ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਜੰਗਲਾਂ ’ਚ ਭਟਕ ਰਿਹਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ’ਚ ਕਾਂਗਰਸ ਸਭ ਤੋਂ ਗੈਰ-ਜ਼ਿੰਮੇਵਾਰਾਨਾ ਪਾਰਟੀ ਹੈ ਜਿਸ ਨੂੰ ਆਮ ਵਿਅਕਤੀ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ। ਮੁੱਖ ਮੰਤਰੀ ਨੇ ਕਿਹਾ,‘‘ਇਹ ਲੀਡਰ ਮੇਰੇ ਨਾਲ ਈਰਖਾ ਕਰਦੇ ਹਨ ਕਿਉਂਕਿ ਇਹ ਇਸ ਗੱਲੋਂ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ ਕਿ ਸਧਾਰਨ ਵਿਅਕਤੀ ਦਾ ਪੁੱਤ ਸੂਬਾ ਸਰਕਾਰ ਦੀ ਵਾਗਡੋਰ ਕਿਉਂ ਸੰਭਾਲੀ ਬੈਠਾ ਹੈ। ਆਮ ਲੋਕਾਂ ਦੇ ਉਲਟ ਇਹ ਲੀਡਰ ਮਹਿੰਗੇ ਸ਼ਾਲ ਅਤੇ ਗਹਿਣਿਆਂ ਦਾ ਵਿਖਾਵਾ ਕਰਦੇ ਹਨ।” ਭਗਵੰਤ ਸਿੰਘ ਮਾਨ ਨੇ ਕਾਂਗਰਸੀ ਨੇਤਾਵਾਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਕੀ ਉਨ੍ਹਾਂ ਨੂੰ ਇਸ ਪਵਿੱਤਰ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਚੁਣਿਆ ਗਿਆ ਹੈ।    ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਸ਼ਹੀਦ ਭਗਤ ਸਿੰਘ ਵਰਗੇ ਨਾਇਕਾਂ ਦੀਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਕਰ ਰਹੇ ਹਨ ਜਿਨ੍ਹਾਂ ਨੇ ਦੇਸ਼ ’ਚ ਜਮਹੂਰੀਅਤ ਪ੍ਰਣਾਲੀ ਲਾਗੂ ਕਰਨ ਲਈ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਸਦਨ ’ਚ ਮਿਲੇ ਸਮੇਂ ਦੌਰਾਨ ਨਾਅਰੇਬਾਜ਼ੀ ਕਰਨ ’ਚ ਸਮਾਂ ਬਰਬਾਦ ਕਰਨ ਦੀ ਬਜਾਏ ਸੂਬਾ ਸਰਕਾਰ ਦੀ ਜਨਤਕ ਮੁੱਦਿਆਂ ਉਤੇ ਮੁਖਾਲਫ਼ਤ ਕਰਨੀ ਚਾਹੀਦੀ ਸੀ। ਭਗਵੰਤ ਸਿੰਘ ਮਾਨ ਨੇ ਸੂਬੇ ’ਚ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਇਸ ਪਾਰਟੀ ਦਾ ਸੂਬੇ ਵਿੱਚ ਖੁਰਾ-ਖੋਜ ਮਿਟ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੋਡਿਆਂ ਭਾਰ ਹੋਈ ਹੈ ਅਤੇ ਇਹ ਪਾਰਟੀ ਹਰ ਰੋਜ਼ ‘ਆਪ’ ਕੋਲ ਗਠਜੋੜ ਕਰਨ ਲਈ ਤਰਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਚੱਲ ਹੋਏ ਕਾਰਤੂਸ ਹਨ, ਜਿਨ੍ਹਾਂ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਹੈ।

PunjabKesari

ਭਗਵੰਤ ਸਿੰਘ ਮਾਨ ਨੇ ਕਿਹਾ “ਜਿੱਥੇ ‘ਆਪ’ ਦੇ ਵਿਧਾਇਕ ਬਚਪਨ ਤੋਂ ਹੀ ਆਟੇ ਦੇ ਬਣੇ ਬਿਸਕੁਟ ਖਾਂਦੇ ਆ ਰਹੇ ਹਨ, ਉੱਥੇ ਹੀ ਕਾਂਗਰਸ ਦੇ ਚੋਟੀ ਦੇ ਆਗੂਆਂ ਕੋਲ ਆਪਣੇ ਪਿਉ-ਦਾਦਿਆਂ ਵੱਲੋਂ ਤਸਕਰੀ ਰਾਹੀਂ ਲਿਆਂਦੇ ਗਏ ਸੋਨੇ ਦੇ ਬਿਸਕੁਟ ਸਨ।” ਬਾਦਲ ਪਰਿਵਾਰ ਵੱਲੋਂ ਨਿੱਜੀ ਫਾਇਦਿਆਂ ਲਈ ਸੂਬੇ ਦੇ ਕਰੋੜਾਂ ਰੁਪਏ ਲੁੱਟਣ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਵਿਲਾਸ ਹੋਟਲ ਦੀ ਉਸਾਰੀ ਲਈ ਬਾਦਲਾਂ ਨੂੰ ਲਾਭ ਪਹੁੰਚਾਉਣ ਵਾਸਤੇ ਸੱਤ ਸਿਤਾਰਾ ਰਿਜ਼ਾਰਟ ਦੇ ਲਗਜ਼ਰੀ ਟੈਕਸ ਅਤੇ ਹੋਰਾਂ ਨੂੰ ਮੁਆਫ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਇਸ ਰਿਜ਼ਾਰਟ ਦੇ 108 ਕਰੋੜ ਰੁਪਏ ਮੁਆਫ਼ ਕਰ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸਲ ’ਚ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਪਿੰਡ ਪੱਲਣਪੁਰ ਜਿਸ ਨੂੰ ਹੁਣ ਸੁਖਵਿਲਾਸ ਕਿਹਾ ਜਾਂਦਾ ਹੈ, ਸੂਬੇ ਲਈ ਅਸਲੀ ਦੁਖ ਵਿਲਾਸ ਹੈ ਕਿਉਂਕਿ ਇਹ ਪੰਜਾਬੀਆਂ ਦੇ ਖ਼ੂਨ ਨਾਲ ਉਸਾਰਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਦੇਸ਼ ਦੀ ਜਮਹੂਰੀਅਤ ਵਿਵਸਥਾ ’ਤੇ ਕਲੰਕ ਹਨ ਕਿਉਂਕਿ ਇਨ੍ਹਾਂ 'ਚ ਸ਼ਿਸ਼ਟਾਚਾਰ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਨਵੈਂਟ ਸਕੂਲਾਂ ’ਚ ਪੜ੍ਹੇ ਹਨ ਪਰ ਇਨ੍ਹਾਂ ’ਚ ਕਿਸੇ ਨਾਲ ਗੱਲ ਕਰਨ ਦੀ ਤਹਿਜ਼ੀਬ ਵੀ ਨਹੀਂ ਹੈ ਕਿਉਂਕਿ ਇਹ ਹੰਕਾਰੀ ਅਤੇ ਸੱਤਾ ਦੇ ਨਸ਼ੇ ਵਿੱਚ ਹਨ। ਨਵਜੋਤ ਸਿੰਘ ਸਿੱਧੂ ਦੀ ਤੁਲਨਾ ਕਠੂਆ ਤੋਂ ਪੰਜਾਬ ਵੱਲ ਬਿਨਾਂ ਡਰਾਈਵਰ ਦੇ ਚੱਲੀ ਮਾਲ ਗੱਡੀ ਨਾਲ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ “ਸਿੱਧੂ ਵਨ ਮੈਨ ਸ਼ੋਅ ਹੈ, ਜਿਸ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ।”  

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੁਰਾਣੇ ਮਾਡਲ ਦੀ ਫੀਏਟ ਕਾਰ ਵਾਂਗ ਹੈ, ਜਿਸ ਨੂੰ ਆਧੁਨਿਕ ਲੋੜਾਂ ਮੁਤਾਬਕ ਅਪਡੇਟ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ, ਸੜਕ ਸੁਰੱਖਿਆ ਫੋਰਸ ਅਤੇ ਹੋਰ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਹੀ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸੇ ਤਰ੍ਹਾਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵੀ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਕ ਨਵੇਂ ਯੁੱਗ ਦਾ ਗਵਾਹ ਬਣਿਆ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਾਰੀਆਂ 13 ਲੋਕ ਸਭਾ ਸੀਟਾਂ ‘ਆਪ’ ਨੂੰ ਦੇਣ ਦਾ ਮਨ ਬਣਾ ਲਿਆ ਹੈ ਤਾਂ ਜੋ ਚੱਲ ਰਹੇ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਪੰਜਾਬ ਦੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੇ ਯਤਨ ਜਾਰੀ ਰੱਖੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News