ਕੇਂਦਰ ਦੇ ਬਜਟ ''ਚ ਕਿੱਤਾਮੁਖੀ ਸਿੱਖਿਆ ਨੂੰ ਕੀਤਾ ਗਿਐ ਨਜ਼ਰ-ਅੰਦਾਜ਼ : ਕੁਲਬੀਰ ਜ਼ੀਰਾ

02/05/2018 8:24:43 AM

ਫਰੀਦਕੋਟ  (ਹਾਲੀ) - ''ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਜਾਰੀ ਕੀਤੇ ਗਏ ਬਜਟ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਕੋਰਸ ਕਰਵਾ ਕੇ ਉੱਚ ਸਿੱਖਿਆ ਦੇਣ 'ਚ ਲੱਗੇ ਹੋਏ ਕਾਲਜਾਂ ਨੂੰ ਬਿਲਕੁਲ ਨਜ਼ਰ-ਅੰਦਾਜ਼ ਕੀਤਾ ਗਿਆ ਹੈ, ਜਦਕਿ ਵਿਦੇਸ਼ਾਂ ਵੱਲ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਇਸ ਤਰ੍ਹਾਂ ਕਾਲਜਾਂ ਅਤੇ ਸਿੱਖਿਆ ਲਈ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ।'' ਇਹ ਪ੍ਰਗਟਾਵਾ ਸਥਾਨਕ ਬੰਦਾ ਸਿੰਘ ਬਹਾਦਰ ਕਾਲਜ ਆਫ ਨਰਸਿੰਗ ਵਿਖੇ ਗੱਲਬਾਤ ਕਰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੀਤਾ।
ਇਸ ਸਮੇਂ ਕਾਲਜ ਦੇ ਚੇਅਰਮੈਨ ਪੁਨੀਤਇੰਦਰ ਬਾਵਾ ਅਤੇ ਡਾਇਰੈਟਰ ਸ਼ਾਲਨੀ ਬਾਵਾ ਵੀ ਮੌਜੂਦ ਸਨ। ਵਿਧਾਇਕ ਜ਼ੀਰਾ ਨੇ ਕਿਹਾ ਕਿ ਕੇਂਦਰੀ ਬਜਟ ਸੂਬੇ ਲਈ 'ਨਿਰਾਸ਼ਾਜਨਕ' ਹੈ ਅਤੇ ਕਿਸਾਨ ਵਿਰੋਧੀ ਵੀ ਹੈ, ਜਿਸ ਕਰ ਕੇ ਇਸ ਨੂੰ ਦ੍ਰਿਸ਼ਟੀਹੀਣ ਮੰਨਿਆ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਕਦਮ ਚੁੱਕਣ 'ਚ ਅਸਫਲ ਰਹੇ ਹਨ। ਵਿਧਾਇਕ ਨੇ ਕਿਹਾ ਕਿ ਇਸ ਬਜਟ ਵਿਚ ਨਾ ਸਿਰਫ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਬਾਰੇ ਕੋਈ ਐਲਾਨ ਕੀਤਾ ਗਿਆ ਹੈ, ਸਗੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ 'ਚ ਵੀ ਕੇਂਦਰ ਸਰਕਾਰ ਅਸਫਲ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਖੇਤੀਬਾੜੀ ਸੰਕਟ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੁੰਦੀ। ਪੰਜਾਬ ਸਰਕਾਰ ਨੇ ਆਰਥਿਕ ਸੰਕਟ ਦੇ ਬਾਵਜੂਦ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵੱਲ ਕਦਮ ਚੁੱਕੇ ਹਨ ਅਤੇ ਉਮੀਦ ਸੀ ਕਿ ਕੇਂਦਰ ਵੀ ਇਸ ਸਬੰਧੀ ਕੁਝ ਪਹਿਲ-ਕਦਮੀਆਂ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਪੰਜਾਬ ਦੇ ਕਿਸਾਨਾਂ, ਸਿੱਖਿਆ, ਕਿੱਤਾਮੁਖੀ ਸਿੱਖਿਆ ਅਤੇ ਹੋਰ ਖੇਤਰਾਂ ਲਈ ਉਚਿਤ ਫੰਡ ਦਾ ਪ੍ਰਬੰਧ ਕਰਨਾ ਚਾਹੀਦਾ ਹੈ।


Related News