ਪ੍ਰਦੂਸ਼ਣ ਦੇ ਮੁੱਦੇ ''ਤੇ ਓ. ਪੀ. ਸੋਨੀ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ
Friday, Nov 02, 2018 - 06:48 PM (IST)

ਚੰਡੀਗੜ੍ਹ : ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰਦੂਸ਼ਣ ਦੇ ਮੁੱਦੇ 'ਤੇ ਤਿੱਖਾ ਜਵਾਬ ਦਿੱਤਾ ਹੈ। ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਕੇਜਰੀਵਾਲ ਨੂੰ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਦਿੱਲੀ ਦਾ ਪਲਿਊਸ਼ਨ ਦੇਖਣਾ ਚਾਹੀਦਾ ਹੈ। ਸੋਨੀ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਬਿਲਕੁਲ ਨੇੜੇ ਹੈ ਅਤੇ ਇਥੇ ਵਾਤਾਵਰਣ ਬਿਲਕੁਲ ਸਾਫ ਹੈ ਤਾਂ ਦਿੱਲੀ ਵਿਚ ਕਿਵੇਂ ਪੰਜਾਬ ਦੇ ਧੂੰਏਂ ਦੇ ਅਸਰ ਹੋ ਸਕਦਾ ਹੈ, ਜੇਕਰ ਦਿੱਲੀ ਵਿਚ ਪੰਜਾਬ ਦਾ ਪ੍ਰਦੂਸ਼ਣ ਹੈ ਤਾਂ ਚੰਡੀਗੜ੍ਹ ਦਾ ਵਾਤਾਵਰਣ ਸਾਫ ਕਿਵੇਂ ਹੈ।
ਸੋਨੀ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਵਧਣ ਦਾ ਕਾਰਨ ਵਾਹਨ, ਕੂੜੇ ਦਾ ਸਾੜਨਾ, ਇੰਡਸਟਰੀ ਅਤੇ ਉਤਰ ਪ੍ਰਦੇਸ਼ 'ਚ ਸਾੜੀ ਜਾਣ ਵਾਲੀ ਪਰਾਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਦਾ ਏ. ਕਿਊ. ਆਈ. 275 ਸੀ ਜਦਕਿ ਇਸ ਵਾਰ ਸਰਕਾਰ ਦੇ ਯਤਨਾਂ ਕਰਕੇ ਇਸ ਵਿਚ 60 ਫੀਸਦੀ ਸੁਧਾਰ ਹੋਇਆ ਹੈ। ਸੋਨੀ ਨੇ ਕਿਹਾ ਕਿ ਖੁਦ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰ ਚੁੱਕੇ ਹਨ ਜਦਕਿ ਕੇਜਰੀਵਾਲ ਆਪਣੀਆਂ ਕਮੀਆਂ ਛੁਪਾਉਣ ਲਈ ਪੰਜਾਬ 'ਤੇ ਦੋਸ਼ ਲਗਾ ਰਹੇ ਹਨ। ਸੋਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿਚ ਫਰਵਰੀ ਤਕ ਇੱਟਾਂ ਦੇ ਭੱਠੇ ਬੰਦ ਰੱਖਣ ਦਾ ਫੈਸਲਾ ਲਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ 28000 ਏਕੜ ਰਕਬੇ ਵਿਚ ਅੱਗ ਲਗਾਈ ਗਈ ਸੀ ਜਦਕਿ ਇਸ ਸਾਲ ਹੁਣ ਤਕ 21000 ਏਕੜ ਰਕਬੇ 'ਚ ਅੱਗ ਲੱਗੀ ਹੈ।