ਓਪਨ ਸਕੂਲਾਂ ਦੇ ਵਿਦਿਆਰਥੀਆਂ ਨੂੰ 10+1 ''ਚ ਆਰਜ਼ੀ ਦਾਖ਼ਲਾ ਲੈਣ ਦੀ ਮਨਜ਼ੂਰੀ: ਸਿੱਖਿਆ ਮੰਤਰੀ

Friday, Jul 31, 2020 - 05:13 PM (IST)

ਓਪਨ ਸਕੂਲਾਂ ਦੇ ਵਿਦਿਆਰਥੀਆਂ ਨੂੰ 10+1 ''ਚ ਆਰਜ਼ੀ ਦਾਖ਼ਲਾ ਲੈਣ ਦੀ ਮਨਜ਼ੂਰੀ: ਸਿੱਖਿਆ ਮੰਤਰੀ

ਚੰਡੀਗੜ੍ਹ: ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ 10+1 'ਚ ਓਪਨ ਸਕੂਲਾਂ ਦੇ 31,022 ਉਮੀਦਵਾਰਾਂ ਨੂੰ ਨਿਯਮਤ ਵਿਦਿਆਰਥੀਆਂ ਵਜੋਂ ਸਕੂਲਾਂ 'ਚ ਦਾਖਲਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲਾਤ ਸੁਖਾਵੇਂ ਹੋਣ 'ਤੇ  ਉਨ੍ਹਾਂ ਨੂੰ ਦਸਵੀਂ ਜਮਾਤ ਦੀ ਪ੍ਰੀਖਿਆ ਦੇਣੀ ਹੋਵੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵਲੋਂ ਨਿਯਮਤ ਵਿਦਿਆਰਥੀਆਂ ਦਾ ਮੈਟ੍ਰਿਕ ਦਾ ਨਤੀਜਾ ਨਿਰੰਤਰ ਵਿਆਪਕ ਮੁਲਾਂਕਣ (ਸੀ.ਸੀ.ਈ.) ਦੇ ਆਧਾਰ ਤੇ ਘੋਸ਼ਿਤ ਕੀਤਾ ਗਿਆ ਸੀ ਪਰ ਓਪਨ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ ਰੋਕ ਲਿਆ ਗਿਆ ਕਿਉਂਕਿ ਇਹ ਵਿਦਿਆਰਥੀ ਸੀ.ਸੀ.ਈ. ਮਾਪਦੰਡ ਦੇ ਅਧੀਨ ਨਹੀਂ ਆਉਂਦੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਜਾਂਚ ਦੇ ਹੁਕਮ

ਓਪਨ ਸਕੂਲਾਂ ਦੇ ਵਿਦਿਆਰਥੀ ਨਿਯਮਤ ਵਿਦਿਆਰਥੀਆਂ ਵਜੋਂ ਸਕੂਲ 'ਚ ਦਾਖਲਾ ਲੈਣ ਲਈ ਦੁਵਿਧਾ 'ਚ ਸਨ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਉਹ ਵਿਦਿਆਰਥੀ 10+1 'ਚ ਇਸ ਸ਼ਰਤ 'ਤੇ ਆਰਜ਼ੀ ਦਾਖਲਾ ਲੈ ਸਕਣਗੇ ਕਿ ਜਦੋਂ ਵੀ ਹਾਲਾਤ ਸੁਖਾਵੇਂ ਹੋਣਗੇ ਉਨ੍ਹਾਂ ਨੂੰ ਮੈਟ੍ਰਿਕ ਦੀ ਪ੍ਰੀਖਿਆ ਦੇਣੀ ਪਵੇਗੀ।ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਦੇ ਵਿਦਿਆਰਥੀਆਂ ਦੀ ਸਪਲੀਮੈਂਟਰੀ  ਪ੍ਰੀਖਿਆ ਦਾ ਨਤੀਜਾ ਸਬੰਧਤ ਸਾਲ ਦੇ ਸੀ.ਸੀ.ਈ. ਦੇ ਆਧਾਰ ਤੇ ਐਲਾਨਣ ਦਾ ਫੈਸਲਾ ਵੀ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸਾਲ ਸਪਲੀਮੈਂਟਰੀ ਪ੍ਰੀਖਿਆ ਦੇ ਰੂਪ 'ਚ ਇੱਕ ਵਿਸ਼ੇ ਲਈ ਪ੍ਰੀਖਿਆ ਵਿੱਚ ਬੈਠਣਾ ਸੀ ਪਰ ਉਹ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪ੍ਰੀਖਿਆ ਰੱਦ ਹੋਣ ਕਾਰਨ ਸਪਲੀਮੈਂਟਰੀ ਪ੍ਰੀਖਿਆ ਨਹੀਂ ਦੇ ਸਕੇ।
ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਓਪਨ ਸਕੂਲ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਤਰੀਕ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਹੈ ਪਰ ਕੋਵਿਡ -19 ਦੇ ਫੈਲਣ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਪ੍ਰੀਖਿਆਵਾਂ ਲਈ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੀ ਸਥਿਤੀ 'ਤੇ ਨਿਰੰਤਰ ਨਜ਼ਰ ਰੱਖ ਰਹੀ ਹੈ ਅਤੇ ਬੋਰਡ ਵਲੋਂ ਪ੍ਰੀਖਿਆਵਾਂ ਉਦੋਂ ਹੀ ਕਰਵਾਈਆਂ ਜਾਣਗੀਆਂ ਜਦੋਂ ਸਰਕਾਰ ਉਨ੍ਹਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀ ਆਗਿਆ ਦੇਵੇਗੀ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ


author

Shyna

Content Editor

Related News