ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਹੁਣ ਖ਼ੈਰ ਨਹੀਂ, CM ਮਾਨ ਨੇ ਦਿੱਤੀ ਚੇਤਾਵਨੀ
Monday, Dec 12, 2022 - 08:14 PM (IST)
ਪਟਿਆਲਾ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਜਿਹੜੀਆਂ ਸਿੱਖਿਆ ਸੰਸਥਾਵਾਂ ਆਪਣੇ ਕੈਂਪਸ ’ਚ ਪੰਜਾਬੀ ਭਾਸ਼ਾ ਬੋਲਣ ਉੱਤੇ ਪਾਬੰਦੀ ਲਾਉਣਗੀਆਂ, ਉਨ੍ਹਾਂ ਵਿਰੁੱਧ ਸੂਬਾ ਸਰਕਾਰ ਕਰੜੀ ਕਾਰਵਾਈ ਕਰੇਗੀ। ਇੱਥੇ ਪੰਜਾਬੀ ਯੂਨੀਵਰਸਿਟੀ ’ਚ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੇ ਆਖ਼ਰੀ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਕੁਝ ਸਿੱਖਿਆ ਸੰਸਥਾਵਾਂ ਆਪਣੇ ਕੈਂਪਸਾਂ ’ਚ ਪੰਜਾਬੀ ਬੋਲਣ ਉੱਤੇ ਜੁਰਮਾਨੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗ਼ੈਰ-ਵਾਜਬ ਹੈ ਕਿਉਂਕਿ ਸੂਬੇ ’ਚ ਰਹਿੰਦੇ ਸਾਰੇ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ। ਭਗਵੰਤ ਮਾਨ ਨੇ ਅਜਿਹੀਆਂ ਸਿੱਖਿਆ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਅਜਿਹੇ ਜੁਰਮਾਨੇ ਲਾਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ਼ ਚਲਾਨ ਕੀਤਾ ਪੇਸ਼
ਪੰਜਾਬ ਨੂੰ ਦੁਨੀਆ ਭਰ ’ਚ ਮੋਹਰੀ ਸੂਬਾ ਬਣਾਉਣ ਲਈ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਅਤੇ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਨੌਜਵਾਨਾਂ ਦੀ ਅਥਾਹ ਤਾਕਤ ਤੇ ਹੁਨਰ ਦਾ ਭੰਡਾਰ ਹੈ, ਜਿਹੜਾ ਸਮਾਜ ’ਚ ਉਸਾਰੂ ਤਬਦੀਲੀ ਲਿਆਉਣ ਲਈ ਹਮੇਸ਼ਾ ਪ੍ਰੇਰਕ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਨੌਜਵਾਨ ਸੂਬੇ ਤੇ ਸਮਾਜ ਦੇ ਸਮਾਜਿਕ-ਆਰਥਿਕ ਵਿਕਾਸ ’ਚ ਉਸਾਰੂ ਯੋਗਦਾਨ ਪਾਉਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਭਲਾਈ ਤੇ ਤਰੱਕੀ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਫਕੀਰਾਂ, ਪੈਗੰਬਰਾਂ ਤੇ ਸੰਤਾਂ ਦੀ ਧਰਤੀ ਹੈ, ਜਿਨ੍ਹਾਂ ਪੰਜਾਬੀਆਂ ਨੂੰ ਜਬਰ-ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰੇਕ ਸੰਕਟ ਮਗਰੋਂ ਜੇਤੂ ਹੋ ਕੇ ਨਿਕਲਿਆ ਹੈ ਅਤੇ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)
ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਸੂਬਾ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹਰੇਕ ਵਿਅਕਤੀ ਦੀ ਸਫ਼ਲਤਾ ਲਈ ਕੁੰਜੀ ਦਾ ਕੰਮ ਕਰਦੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਿੱਖਿਆ ਢਾਂਚੇ ਦੀ ਮਜ਼ਬੂਤੀ ਤੇ ਕਾਇਆ-ਕਲਪ ਲਈ ਸੂਬਾ ਸਰਕਾਰ ਕੋਲ ਵੱਡੀ ਗਿਣਤੀ ’ਚ ਫੰਡ ਮੌਜੂਦ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵੱਡੀ ਪੱਧਰ ਉੱਤੇ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵੱਖ-ਵੱਖ ਵਿਭਾਗਾਂ ’ਚ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਹੁਣ ਤੱਕ 20,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਨੌਜਵਾਨਾਂ ਨੂੰ ਸੌਂਪ ਦਿੱਤੇ ਹਨ ਅਤੇ ਹੋਰ ਭਰਤੀ ਵੀ ਪ੍ਰਕਿਰਿਆ ਅਧੀਨ ਹੈ।
ਇਹ ਖ਼ਬਰ ਵੀ ਪੜ੍ਹੋ : ਮਾਲੇਰਕੋਟਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਲਜ ਵਿਦਿਆਰਥਣ ਦੀ ਦਰਦਨਾਕ ਮੌਤ
ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਸੂਬਾ ਸਰਕਾਰ ਪੰਜਾਬ ਨੂੰ ਉਦਯੋਗਿਕ ਧੁਰੇ ਵਜੋਂ ਵਿਕਸਿਤ ਕਰਨ ਲਈ ਵੱਡੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਨਵੇਂ ਪ੍ਰਾਜੈਕਟਾਂ ਲਈ ਐਮ.ਓ.ਯੂ. ਸੱਤਧਾਰੀ ਜਮਾਤ ਦੇ ਪਰਿਵਾਰਾਂ ਨਾਲ ਹੁੰਦਾ ਸੀ ਪਰ ਹੁਣ ਇਹ ਸਮਝੌਤੇ ਪੰਜਾਬ ਤੇ ਪੰਜਾਬੀਆਂ ਦੇ ਭਲੇ ਦੀ ਖਾਤਰ ਸੂਬਾ ਸਰਕਾਰ ਨਾਲ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾਂ ਵੱਡੇ ਸਨਅਤੀ ਦਿੱਗਜ਼ ਸੂਬੇ ਵਿਚ ਆਪੋ-ਆਪਣੇ ਪ੍ਰਾਜੈਕਟ ਸਥਾਪਤ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਖੁਸ਼ਕਿਸਮਤੀ ਹੈ ਕਿ ਜੀ-20 ਦੇ ਦੋ ਸੈਸ਼ਨ ਸੂਬੇ ਵਿਚ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਸਿੱਖਿਆ ਦੇ ਵਿਸ਼ੇ ਉਤੇ ਪਹਿਲਾ ਸੈਸ਼ਨ 15, 16 ਤੇ 17 ਮਾਰਚ ਨੂੰ ਹੋਵੇਗਾ ਜਦਕਿ ਕਿਰਤ ਵਿਸ਼ੇ ਉਤੇ ਦੂਜਾ ਸੈਸ਼ਨ 22-23 ਜੂਨ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦੁਨੀਆ ਭਰ ਵਿਚ ਉਸ ਦੀ ਨਿੱਘੀ ਮੇਜ਼ਬਾਨੀ ਦੇ ਤੌਰ ਉਤੇ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਵਿਚ ਸ਼ਿਰਕਤ ਕਰ ਰਹੇ ਮੁਲਕਾਂ ਦੇ ਮਹਿਮਾਨਾਂ ਦੇ ਸਵਾਗਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਚੇਤਨ ਸਿੰਘ ਜੌੜੇਮਾਜਰਾ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ ਅਤੇ ਪੰਜਾਬੀ ਯੂਨਿਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਤੇ ਹੋਰ ਹਾਜ਼ਰ ਸਨ।