3582 ਅਧਿਆਪਕਾਂ ਨੇ ਜੱਦੀ ਜ਼ਿਲਿਆਂ ’ਚ ਹੀ ਸਟੇਸ਼ਨ ਦੇਣ ਦੀ ਰੱਖੀ ਮੰਗ

Friday, Jul 20, 2018 - 04:29 AM (IST)

3582 ਅਧਿਆਪਕਾਂ ਨੇ ਜੱਦੀ ਜ਼ਿਲਿਆਂ ’ਚ ਹੀ ਸਟੇਸ਼ਨ ਦੇਣ ਦੀ ਰੱਖੀ ਮੰਗ

ਮੋਹਾਲੀ,   (ਨਿਆਮੀਆਂ)-  ਸੂਬਾ ਸਰਕਾਰ ਵਲੋਂ ਭਾਵੇਂ ਕਿ ਸਿੱਖਿਆ ਵਿਭਾਗ ਦੀਆਂ 3582 ਅਸਾਮੀਆਂ ਵਿਚੋਂ ਦੋ ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਹਾਜ਼ਰ ਕਰਵਾ ਕੇ ਸਿਖਲਾਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈੈ  ਪਰ ਅਜੇ ਵੀ ਸਟੇਸ਼ਨਾਂ ਦੀ ਵੰਡ ਨਾ ਹੋਣ ਕਾਰਨ ਤੇ ਸਿੱਖਿਆ ਮੰਤਰੀ ਵਲੋਂ ਵਾਰ-ਵਾਰ 75  ਫੀਸਦੀ ਨਿਯੁਕਤੀਆਂ ਸਰਹੱਦੀ ਜ਼ਿਲਿਆਂ ਵਿਚ ਕੀਤੇ ਜਾਣ ਦੇ ਐਲਾਨ ਨੇ ਅਧਿਆਪਕਾਂ ਦੀ ਬੇਚੈਨੀ ਵਧਾ ਦਿੱਤੀ ਹੈ। 
ਅੱਜ ਸਥਾਨਕ ਵਿੱਦਿਆ ਭਵਨ ਅੱਗੇ ਇਕੱਤਰ ਹੋਏ ਵੱਡੀ ਗਿਣਤੀ ’ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ 3582 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਅਨੂ ਬਾਲਾ, ਸੁਖਵਿੰਦਰ ਗਿਰ ਲਹਿਰਾ, ਦਲਜੀਤ ਸਿੰਘ ਸਫੀਪੁਰ, ਗੌਰਵਜੀਤ, ਮੇਜਰ ਸਿੰਘ ਫਾਜ਼ਿਲਕਾ, ਅਮਨ ਕੰਬੋਜ ਤੇ ਸ਼ੁਭਦੀਪ ਆਦਿ ਆਗੂਆਂ ਨੇ ਦੱਸਿਆ ਕਿ ਮੁੱਢਲੇ ਤਿੰਨ ਸਾਲ  ਸਿਰਫ 10300 ਮਾਸਿਕ ਤਨਖਾਹ ’ਤੇ ਘਰਾਂ ਤੋਂ ਦੂਰ ਸਟੇਸ਼ਨਾਂ ਦੀ ਸੰਭਾਵਿਤ ਨਿਯੁਕਤੀ ਨੇ ਅਧਿਆਪਕਾਂ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ। ਜਥੇਬੰਦੀ ਨੇ ਸਰਕਾਰ ਤੋਂ ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕਾਂ ਨੂੰ ਜੱਦੀ ਜ਼ਿਲੇ ਦੇਣ ਤੇ ਅਸਾਮੀ ਖ਼ਾਲੀ ਨਾ ਹੋਣ ਦੀ ਸੂਰਤ ਵਿਚ ਨੇਡ਼ਲੇ ਜ਼ਿਲਿਆਂ ਦੀ ਚੋਣ ਕਰਵਾਉਣ ਦੀ ਮੰਗ ਕੀਤੀ।
 ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੇ ਸਾਰੇ ਮਾਮਲੇ ਪਹਿਲਾਂ ਹੀ ਹੱਲ ਕਰਨ ਵਿਚ ਯਕੀਨ ਰੱਖਣ ਤੇ ਧਰਨੇ ਦੇਣ ਦੀ ਨੌਬਤ ਹੀ ਨਾ ਆਉਣ ਦੇਣ ਦੇ ਬਿਆਨ ਦੇ ਉਲਟ ਨਿਗੂਣੀਆਂ ਤਨਖਾਹਾਂ ’ਤੇ ਅਧਿਆਪਕਾਂ ਨੂੰ ਸੈਂਕਡ਼ੇ ਕਿਲੋਮੀਟਰ ਦੂਰ ਭੇਜਣ ਵਰਗੇ ਫੈਸਲਿਆਂ ਕਾਰਨ ਅਧਿਆਪਕਾਂ ਨੂੰ  ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕੀਤਾ ਹੈ।   
ਅਧਿਆਪਕ ਆਗੂਆਂ ਨੇ 3582 ਅਸਾਮੀਆਂ ਵਿਚੋਂ ਹਿੰਦੀ ਤੇ ਅੰਗਰੇਜ਼ੀ ਵਿਸ਼ਿਆਂ ਦਾ ਰੋਕਿਆ ਨਤੀਜਾ ਜਲਦ ਐਲਾਨ ਕਰਵਾ ਕੇ ਇਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਜਲਦ ਨੇਪਰੇ ਚਾਡ਼੍ਹਨ ਦੀ ਗੱਲ ਵੀ ਰੱਖੀ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਡੀ. ਟੀ. ਐੱਫ.) ਦੇ ਜਨਰਲ ਸਕੱਤਰ ਤੇ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਰ ਦਵਿੰਦਰ ਸਿੰਘ ਪੂਨੀਆ ਨੇ ਇਨ੍ਹਾਂ ਅਧਿਆਪਕਾਂ ਦੀ ਜੱਦੀ ਜ਼ਿਲਿਆਂ ਵਿਚ ਹੀ ਨਿਯੁਕਤੀ ਦੀ ਮੰਗ ਦਾ ਪੁਰਜ਼ੋਰ ਸਮਰਥਨ ਕਰਦਿਆਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਤੋਂ ਅਧਿਆਪਕਾਂ ਨੂੰ ਬਣਦੀ ਰਾਹਤ ਦੇਣ ਦੀ ਮੰਗ ਕੀਤੀ।
ਇਸ ਮੌਕੇ ਮਨਿੰਦਰ ਸਿੰਘ, ਹਰਬਚਨ ਸਿੰਘ, ਸੁਖਵਿੰਦਰ ਗੁਰਦਾਸਪੁਰ, ਹਰਦੀਪ ਮੱਤੀ, ਬਿਕਰਮ ਬਠਿੰਡਾ, ਯਾਦਵਿੰਦਰ ਭਦੌਡ਼, ਗਗਨ ਫਤਿਹਗਡ਼੍ਹ, ਪ੍ਰਵੀਨ ਅਲੀਸ਼ੇਰ, ਸੁਖਦੀਪ ਸਿੰਘ, ਜਸਵੰਤ ਰੋਪਡ਼, ਦਵਿੰਦਰ ਪਟਿਆਲਾ, ਸੋਹਨ ਰਾਜਪੁਰਾ, ਜਸਪਾਲ ਸਿੰਘ ਅਤੇ ਦਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਅਧਿਆਪਕ ਮੌਜੂਦ ਸਨ।
 


Related News