ਐਜੂਕੇਸ਼ਨ ਕੰਸਲਟੈਂਟ ਦੀ ਈ-ਮੇਲ ਹੈਕ ਕਰਕੇ ਠੱਗੇ 62 ਹਜ਼ਾਰ ਡਾਲਰ

Sunday, Jan 28, 2018 - 10:02 AM (IST)

ਐਜੂਕੇਸ਼ਨ ਕੰਸਲਟੈਂਟ ਦੀ ਈ-ਮੇਲ ਹੈਕ ਕਰਕੇ ਠੱਗੇ 62 ਹਜ਼ਾਰ ਡਾਲਰ


ਚੰਡੀਗੜ੍ਹ (ਸੁਸ਼ੀਲ) - ਸੈਕਟਰ-17 ਸਥਿਤ ਐੱਮ. ਐੱਸ. ਐਡਮਿਸ਼ਨ ਓਵਰਸੀਜ਼ ਦੀ ਮਾਲਕਣ ਦੀ ਜਾਅਲੀ ਈ-ਮੇਲ ਬਣਾ ਲਈ ਅਤੇ ਸਾਬਕਾ ਕਰਮਚਾਰੀਆਂ ਨੇ ਵਿਦੇਸ਼ੀ ਕਾਲਜਾਂ ਤੋਂ ਆਉਣ ਵਾਲੀ ਕਮੀਸ਼ਨ ਦੇ 62 ਹਜ਼ਾਰ ਡਾਲਰ ਆਪਣੇ ਖਾਤੇ 'ਚ ਟ੍ਰਾਂਸਫਰ ਕਰਵਾ ਲਏ। ਮਾਲਕਣ ਮੀਨਾਕਸ਼ੀ ਬਰਥਵਾਲ ਦੇ ਅਕਾਊਂਟ 'ਚ ਜਦੋਂ ਕਮੀਸ਼ਨ ਨਹੀਂ ਆਈ ਤਾਂ ਉਨ੍ਹਾਂ ਨੇ ਜਰਮਨ ਤੇ ਬੇਲਾਰੂਸ ਦੇ ਕਾਲਜਾਂ ਨਾਲ ਸੰਪਰਕ ਕਰਕੇ ਕਮੀਸ਼ਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ 62 ਹਜ਼ਾਰ ਡਾਲਰ ਉਨ੍ਹਾਂ ਦੇ ਭੇਜ ਚੁੱਕੇ ਹਨ। ਉਨ੍ਹਾਂ ਨੇ ਈਮੇਲ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਸਾਬਕਾ ਕਰਮਚਾਰੀ ਅਰੁਣ ਕੁਮਾਰ ਤੇ ਇਕ ਮਹਿਲਾ ਕਰਮਚਾਰੀ ਨੇ ਉਨ੍ਹਾਂ ਦੀ ਜਾਅਲੀ ਈ-ਮੇਲ ਬਣਾ ਕੇ 62 ਹਜ਼ਾਰ ਡਾਲਰ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਕੇ ਠੱਗੀ ਮਾਰ ਲਈ। 
ਮੀਨਾਕਸ਼ੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਮੀਨਾਕਸ਼ੀ ਦੀ ਸ਼ਿਕਾਇਤ 'ਤੇ ਸੈਕਟਰ-17 ਥਾਣੇ 'ਚ ਕੰਪਨੀ ਦੇ ਅਰੁਣ ਕੁਮਾਰ ਤੇ ਸੁਨੀਤਾ ਖਿਲਾਫ ਧੋਖਾਦੇਹੀ ਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਸੈਕਟਰ-17 ਸਥਿਤ ਐੱਮ. ਐੱਸ. ਐਡਮਿਸ਼ਨ ਓਵਰਸੀਜ਼ ਦੀ ਮਾਲਕਣ ਮੀਨਾਕਸ਼ੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਐਜੂਕੇਸ਼ਨ ਕੰਸਲਟੈਂਟ ਤੇ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂ. ਕੇ., ਯੂ. ਐੱਸ. ਏ. ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਵਿਦਿਆਰਥੀਆਂ ਦਾ ਦਾਖਲਾ ਕਰਦੇ ਹਨ। 2016 'ਚ ਵਿਦੇਸ਼ਾਂ ਦੇ ਕਾਲਜਾਂ 'ਚ ਦਾਖਲਾ ਦਿਵਾਉਣ 'ਤੇ ਉਨ੍ਹਾਂ ਨੂੰ ਵਿਦੇਸ਼ੀ ਕਾਲਜਾਂ ਤੋਂ ਕਮੀਸ਼ਨ ਆਉਣੀ ਸੀ। ਦਸੰਬਰ 2016 'ਚ ਜਦੋਂ ਉਨ੍ਹਾਂ ਨੇ ਕਮੀਸ਼ਨ ਚੈੱਕ ਕੀਤੀ ਤਾਂ ਉਨ੍ਹਾਂ ਦੇ ਅਕਾਊਂਟ 'ਚ ਪੈਸੇ ਨਹੀਂ ਆਏ ਸਨ। ਉਨ੍ਹਾਂ ਨੇ ਕਮੀਸ਼ਨ ਲੈਣ ਲਈ ਕਾਲਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਮੀਸ਼ਨ ਦੇ 62 ਹਜ਼ਾਰ ਡਾਲਰ ਉਨ੍ਹਾਂ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਚੁੱਕੇ ਹਨ। ਉਨ੍ਹਾਂ ਨਕਦੀ ਭੇਜਣ ਵਾਲੇ ਖਾਤੇ ਤੇ ਈਮੇਲ ਦੀ ਡਿਟੇਲ ਵਿਦੇਸ਼ੀ ਕਾਲਜ ਤੋਂ ਮੰਗਵਾਈ। ਉਨ੍ਹਾਂ ਦੋਸ਼ ਲਾਇਆ ਕਿ ਹੈਕਰ ਨੇ ਈਮੇਲ ਦਾ ਡੋਮੇਨ ਬਦਲ ਕੇ ਕਮੀਸ਼ਨ ਆਪਣੇ ਅਕਾਊਂਟ 'ਚ ਮੰਗਵਾ ਲਈ। ਮੀਨਾਕਸ਼ੀ ਨੇ ਦੋਸ਼ ਲਾਇਆ ਕਿ ਉਸਦੀ ਕਮੀਸ਼ਨ ਅਰੁਣ ਕੁਮਾਰ ਤੇ ਇਕ ਮਹਿਲਾ ਕਰਮਚਾਰੀ ਨੇ ਲਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮੀਨਾਕਸ਼ੀ ਦੀ ਈਮੇਲ ਦਾ ਡੋਮੇਨ ਬਦਲ ਕੇ ਕਮੀਸ਼ਨ ਮੰਗਵਾਉਣ ਲਈ ਜਾਅਲੀ ਕਾਗਜ਼ ਤਿਆਰ ਕੀਤੇ ਗਏ ਹਨ। ਇਸ ਤੋਂ ਬਾਅਦ ਸਾਈਬਰ ਸੈੱਲ ਨੇ ਮੀਨਾਕਸ਼ੀ ਦੀ ਸ਼ਿਕਾਇਤ 'ਤੇ ਅਰੁਣ ਕੁਮਾਰ ਤੇ ਸੁਨੀਤਾ ਖਿਲਾਫ ਧੋਖਾਦੇਹੀ ਅਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ।


Related News