ਮਨੀ ਲਾਂਡ੍ਰਿੰਗ ਦੇ ਮਾਮਲੇ ’ਚ ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਖ਼ਿਲਾਫ਼ ਤਾਜ਼ਾ ਚਾਰਜਸ਼ੀਟ ਦਾਖ਼ਲ ਕਰੇਗੀ ਈ. ਡੀ.

Tuesday, Jan 23, 2024 - 06:44 PM (IST)

ਮਨੀ ਲਾਂਡ੍ਰਿੰਗ ਦੇ ਮਾਮਲੇ ’ਚ ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਖ਼ਿਲਾਫ਼ ਤਾਜ਼ਾ ਚਾਰਜਸ਼ੀਟ ਦਾਖ਼ਲ ਕਰੇਗੀ ਈ. ਡੀ.

ਜਲੰਧਰ (ਇੰਟ.) : ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਮੋਹਨ ਸਿੰਘ ਅਤੇ ਹੋਰਨਾਂ ਖ਼ਿਲਾਫ਼ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ. ਐੱਫ. ਐੱਲ.) ’ਚੋਂ ਕਥਿਤ ਤੌਰ ’ਤੇ ਪੈਸਾ ਕਢਵਾਉਣ ਲਈ ਮਨੀ ਲਾਂਡ੍ਰਿੰਗ ਐਕਟ (ਪੀ. ਐੱਮ. ਐੱਲ. ਏ.) ਦੀਆਂ ਸਬੰਧਤ ਵਿਵਸਥਾਵਾਂ ਅਧੀਨ ਇਕ ਨਵੀਂ ਚਾਰਜਸ਼ੀਟ ਤਿਆਰ ਕਰ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਪਣੀ ਸਪਲੀਮੈਂਟਰੀ ਚਾਰਜਸ਼ੀਟ ’ਚ ਈ. ਡੀ. ਸਿੰਘ ਭਰਾਵਾਂ ਅਤੇ ਸਹਿ-ਮੁਲਜ਼ਮਾਂ ਵਲੋਂ ਕਥਿਤ ਤੌਰ ’ਤੇ ਵਿਦੇਸ਼ਾਂ ਵਿਚ ਭੇਜੇ ਗਏ ਪੈਸੇ ਦੇ ਮਾਮਲੇ ’ਤੇ ਵੀ ਚਾਨਣਾ ਪਾਵੇਗੀ। ਮਾਮਲੇ ਨਾਲ ਜੁੜੇ ਜਾਣਕਾਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੈਡਰਲ ਏਜੰਸੀ ਨੂੰ ਕੁਝ ਦੇਸ਼ਾਂ ਤੋਂ ਜਾਣਕਾਰੀ ਮਿਲੀ ਹੈ ਜਿੱਥੇ ਅਪਰਾਧ ਨਾਲ ਸਬੰਧਤ ਕਥਿਤ ਆਮਦਨ ਜਮ੍ਹਾ ਕਰਵਾਈ ਗਈ ਸੀ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਵਿਭਾਗਾਂ ਨੂੰ ਹਦਾਇਤਾਂ ਜਾਰੀ, ਵਿਕਾਸ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼

ਰੀਅਲ ਅਸਟੇਟ ’ਚ ਦਿੱਤੇ ਗਏ ਪੈਸੇ ਦਾ ਵੀ ਹੋ ਸਕਦਾ ਹੈ ਖੁਲਾਸਾ

ਮਿਲੀ ਜਾਣਕਾਰੀ ਦਾ ਵੇਰਵਾ ਜਲਦ ਹੀ ਦਾਖਲ ਹੋਣ ਵਾਲੀ ਚਾਰਜਸ਼ੀਟ ’ਚ ਦਿੱਤਾ ਜਾਵੇਗਾ। ਏਜੰਸੀ ਸਿੰਘ ਭਰਾਵਾਂ ਵਲੋਂ ਕਥਿਤ ਤੌਰ ’ਤੇ ਰੀਅਲ ਅਸਟੇਟ ਡਿਵੈਲਪਰ ਐੱਮ. 3 ਐੱਮ. ਇੰਡੀਆ ਹੋਲਡਿੰਗਜ਼ ਨੂੰ ਦਿੱਤੇ ਗਏ ਫੰਡ ਬਾਰੇ ਵੀ ਵਿਸਥਾਰ ਨਾਲ ਦੱਸੇਗੀ। ਇਕ ਮੀਡੀਆ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਈ. ਡੀ. ਵਲੋਂ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ. ਐੱਫ. ਐੱਲ.) ਦੀ ਮਨੀ ਲਾਂਡ੍ਰਿੰਗ ਜਾਂਚ ’ਚ ਪਤਾ ਲੱਗਾ ਹੈ ਕਿ ਪੈਸਾ ਬ੍ਰਿਟਿਸ਼ ਟੈਕਸ ਹੈਵਨ ਜਰਸੀ ’ਚ ਭੇਜਿਆ ਗਿਆ ਸੀ। ਏਜੰਸੀ ਨੇ ਹੁਣੇ ਜਿਹੇ ਚੈਨਲ ਟਾਪੂ ਸਮੂਹ ਦੇ ਸਭ ਤੋਂ ਵੱਡੇ ਜਰਸੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਅਤੇ ਅਪਰਾਧ ਦੀ ਕਥਿਤ ਆਮਦਨ ਬਾਰੇ ਜਾਣਕਾਰੀ ਮੰਗੀ ਸੀ। ਇਹ ਜਾਣਕਾਰੀ ਲੈਟਰ ਰੋਗੇਟਰੀ (ਐੱਲ. ਆਰ.) ਦੇ ਮਾਧਿਅਮ ਰਾਹੀਂ ਮੰਗੀ ਗਈ ਸੀ, ਜੋ ਇਕ ਅਧਿਕਾਰ ਖੇਤਰ ਤੋਂ ਦੂਜੇ ਅਧਿਕਾਰ ਖੇਤਰ ’ਚ ਸਹਾਇਤਾ ਮੰਗਣ ਲਈ ਰਸਮੀ ਬੇਨਤੀ ਹੈ।

ਇਹ ਵੀ ਪੜ੍ਹੋ : ਮੁੱਖ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ, ਨੁਮਾਇੰਦੀਆਂ ਨੂੰ ਕੀਤੀ ਇਹ ਬੇਨਤੀ 

2,036 ਕਰੋੜ ਦੇ ਗਬਨ ਨਾਲ ਜੁੜਿਆ ਹੈ ਮਾਮਲਾ
ਇਹ ਮਾਮਲਾ ਵਿੱਤੀ ਸਾਲ 2014-2018 ’ਚ ਆਰ. ਐੱਫ. ਐੱਲ. ’ਚੋਂ 2,036.69 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਹੈ। ਏਜੰਸੀ ਪਹਿਲਾਂ ਹੀ ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਮੋਹਨ ਸਿੰਘ ’ਤੇ ਮਨੀ ਲਾਂਡ੍ਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੀਆਂ ਸਬੰਧਤ ਵਿਵਸਥਾਵਾਂ ਤਹਿਤ ਦੋਸ਼ ਲਾ ਚੁੱਕੀ ਹੈ। ਉਨ੍ਹਾਂ ਉੱਪਰ ਫੰਡ ਡਾਈਵਰਜ਼ਨ ਦਾ ਦੋਸ਼ ਲਾਇਆ ਗਿਆ ਹੈ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਸੀ ਕਿ ਏਜੰਸੀ ਨੂੰ ਪਤਾ ਲੱਗਾ ਹੈ ਕਿ ਸਿੰਘ ਭਰਾਵਾਂ ਵਲੋਂ ਕਥਿਤ ਤੌਰ ’ਤੇ ਰੀਅਲ ਅਸਟੇਟ ਡਿਵੈਲਪਰ ਐੱਮ. 3 ਐੱਮ. ਇੰਡੀਆ ਹੋਲਡਿੰਗਜ਼ ਨੂੰ ਵੀ ਵੱਡੀ ਮਾਤਰਾ ’ਚ ਪੈਸਾ ਭੇਜਿਆ ਗਿਆ ਸੀ। ਏਜੰਸੀ ਨੇ ਇਸ ਮਹੀਨੇ ਦੇ ਸ਼ੁਰੂ ’ਚ ਮਨੀ ਲਾਂਡ੍ਰਿੰਗ ਜਾਂਚ ਦੇ ਸਿਲਸਿਲੇ ’ਚ ਦਿੱਲੀ-ਐੱਨ. ਸੀ. ਆਰ. ਦੀਆਂ 9 ਥਾਵਾਂ ’ਤੇ ਤਲਾਸ਼ੀ ਲਈ ਸੀ। ਆਰ. ਐੱਫ. ਐੱਲ. ਦੇ ਕਾਰਪੋਰੇਟ ਦਫਤਰਾਂ ਅਤੇ ਹੋਰ ਸਾਈਟਾਂ ਤੋਂ ਇਲਾਵਾ ਏਜੰਸੀ ਨੇ ਐੱਮ.3 ਐੱਮ. ਇੰਡੀਆ ਹੋਲਡਿੰਗਜ਼ ਦੇ ਕੰਪਲੈਕਸਾਂ ਦੀ ਵੀ ਤਲਾਸ਼ੀ ਲਈ ਸੀ।

ਵਿਦੇਸ਼ਾਂ ’ਚ ਪੈਸਾ ਕੀਤਾ ਗਿਆ ਟਰਾਂਸਫਰ
ਏਜੰਸੀ ਦੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਏਜੰਸੀ ਵਲੋਂ ਪ੍ਰਾਪਤ ਪੈਸੇ ਦੇ ਹੇਰ-ਫੇਰ ਦੇ ਤਾਜ਼ਾ ਸਬੂਤਾਂ ਦੇ ਆਧਾਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਜਰਸੀ ਉਨ੍ਹਾਂ ਵਿਦੇਸ਼ੀ ਸਥਾਨਾਂ ਵਿਚੋਂ ਇਕ ਹੈ ਜਿੱਥੇ ਕਥਿਤ ਤੌਰ ’ਤੇ ਪੈਸਾ ਟਰਾਂਸਫਰ ਕੀਤਾ ਗਿਆ ਸੀ। ਰੈਲੀਗੇਅਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਈ. ਡੀ. ਵਲੋਂ ਕੀਤੀ ਗਈ ਛਾਪੇਮਾਰੀ ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਨੇ ਸਟਾਕ ਐਕਸਚੇਂਜਾਂ ਨੂੰ ਦੱਸਿਆ ਕਿ ਈ. ਡੀ. ਦੇ ਅਧਿਕਾਰੀਆਂ ਨੇ ਰੈਲੀਗੇਅਰ ਫਿਨਵੈਸਟ ਲਿਮਟਿਡ ਦੀ ਮੌਜੂਦਾ ਮੈਨੇਜਮੈਂਟ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਅਤੇ ਕਾਰਪੋਰੇਟ ਲੋਨ ਬੁੱਕ ਸਬੰਧੀ ਚੱਲ ਰਹੀ ਜਾਂਚ ਦੇ ਆਧਾਰ ’ਤੇ 5 ਜਨਵਰੀ ਨੂੰ ਸਬੰਧਤ ਦਸਤਾਵੇਜ਼ ਇਕੱਠੇ ਕੀਤੇ ਸਨ। ਈ. ਡੀ. ਨੇ ਦੋਸ਼ ਲਾਇਆ ਹੈ ਕਿ ਸਿੰਘ ਭਰਾ ਸਹਿ-ਮੁਲਜ਼ਮ ਸੁਨੀਲ ਗੋਧਵਾਨੀ ਤੇ ਹੋਰਨਾਂ ਦੇ ਨਾਲ ਅਪਰਾਧਕ ਸਰਗਰਮੀਆਂ ਤੋਂ ਪ੍ਰਾਪਤ ਅਪਰਾਧ ਦੀ ਆਮਦਨ ਦੀ ਐਕੂਜ਼ੀਸ਼ਨ, ਲੇਅਰਿੰਗ, ਕਬਜ਼ਾ ਕਰਨ, ਲੁਕਾਉਣ, ਵਰਤੋਂ ਕਰਨ ਅਤੇ ਪ੍ਰਖੇਪਣ ਦੀ ਪ੍ਰਕਿਰਿਆ ਵਿਚ ਸ਼ਾਮਲ ਸਨ।

ਇਹ ਵੀ ਪੜ੍ਹੋ : ਵਿਧਾਇਕ ਪਠਾਣਮਾਜਰਾ ਵਲੋਂ ਘੜਾਮ ਵਿਖੇ ਵੱਡੇ ਪੱਧਰ ’ਤੇ ਮਾਤਾ ਕੌਸ਼ੱਲਿਆ ਮੰਦਰ ਦੇ ਨਿਰਮਾਣ ਦਾ ਐਲਾਨ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News