ED ਵੱਲੋਂ ਹਿਮਾਚਲ 'ਚ ਮਾਈਨਿੰਗ ਮਾਫੀਆ ਖ਼ਿਲਾਫ਼ ਛਾਪੇਮਾਰੀ, ਨਾਜਾਇਜ਼ ਮਾਈਨਿੰਗ ਕਰ ਕਰੋੜਾਂ ਕਮਾਉਣ ਵਾਲਾ ਕਾਬੂ

09/28/2022 5:34:46 PM

ਜਲੰਧਰ : ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਈ.ਡੀ ਨੇ ਹਿਮਾਚਲ ਪ੍ਰਦੇਸ਼ 'ਚ ਛਾਪੇਮਾਰੀ ਕੀਤੀ। ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇਲਾਕਿਆਂ 'ਚ ਗੈਰ-ਕਾਨੂੰਨੀ ਮਾਈਨਿੰਗ ਦੀਆਂ ਤਸਵੀਰਾਂ ਜਾਰੀ ਹੋਣ ਮਗਰੋਂ ਸੋਮਵਾਰ ਨੂੰ ਇਕ ਮੁਲਜ਼ਮ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ। ਲਖਵਿੰਦਰ ਸਿੰਘ ਊਨਾ 'ਚ ਸਟੋਨ ਕਰੱਸ਼ਰ ਚਲਾਉਂਦਾ ਹੈ।

ਈ.ਡੀ ਨੇ ਇਹ ਸਾਰੀ ਕਾਰਵਾਈ ਇਕ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ, ਜਿਸ 'ਚ ਗੈਰ-ਵਿਗਿਆਨਕ ਤਰੀਕੇ ਨਾਲ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਉਣ ਦੇ ਦੋਸ਼ ਲਾਏ ਗਏ ਸਨ। ਈ.ਡੀ ਨੇ ਲਖਵਿੰਦਰ ਦੇ ਨਾਲ-ਨਾਲ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਮਾਨਵ ਖੰਨਾ, ਵਿਸ਼ਾਲ ਉਰਫ ਵਿੱਕੀ ਅਤੇ ਨੀਰਜ ਪ੍ਰਭਾਕਰ ਨੂੰ ਵੀ ਨਾਮਜ਼ਦ ਕੀਤਾ ਹੈ।

ਈ.ਡੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਪੰਚਕੂਲਾ, ਮੋਹਾਲੀ ਤੇ ਹੋਰ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਈ.ਡੀ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲਖਵਿੰਦਰ ਸਿੰਘ ਖ਼ਿਲਾਫ਼ ਪੀ.ਐਮ.ਐਲ.ਏ ਐਕਟ 2000 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਲਖਵਿੰਦਰ ਸਿੰਘ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਮੁੱਖ ਸਰਗਨਾ ਹੈ। ਉਸ ਦੇ ਨਾਂ 'ਤੇ ਮਾਈਨਿੰਗ ਦੇ ਕਈ ਠੇਕੇ ਹਨ। ਲਖਵਿੰਦਰ ਦੇ ਊਨਾ ਜ਼ਿਲ੍ਹੇ 'ਚ ਹੀ ਕਈ ਸਟੋਨ ਕਰੱਸ਼ਰ ਅਤੇ ਮਾਈਨਿੰਗ ਸਾਈਟ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਨਾਲ ਲੱਗਦੇ ਊਨਾ ਜ਼ਿਲ੍ਹੇ ਦੇ ਹਰੋਲੀ ਇਲਾਕੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰੋਲੀ ਪੁਲਸ ਕੋਲ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਵੱਡਾ ਹੋਣ 'ਤੇ ਈ.ਡੀ ਨੇ ਇਸ ਨੂੰ ਆਪਣੇ ਹੱਥਾਂ 'ਚ ਲਿਆ ਅਤੇ ਇਸ 'ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ। ਈ.ਡੀ ਨੇ ਉਨ੍ਹਾਂ ਥਾਵਾਂ ਦੀ ਮੀਟਰਿੰਗ ਵੀ ਕੀਤੀ ਸੀ ਜਿੱਥੇ ਲਖਵਿੰਦਰ ਨੇ ਪਿਛਲੇ ਸਮੇਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ। ਇੰਨਾ ਹੀ ਨਹੀਂ ਡਰੋਨ ਰਾਹੀਂ ਫੋਟੋਗ੍ਰਾਫੀ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।

ਹਿਮਾਚਲ ਪ੍ਰਦੇਸ਼ 'ਚ ਮਾਈਨਿੰਗ ਮਾਫੀਆ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ, ਜਿਸ 'ਚ ਈ.ਡੀ ਖੁਦ ਜਾਂਚ ਕਰ ਰਹੀ ਹੈ। ਲਖਵਿੰਦਰ ਤੋਂ ਲੈ ਕੇ ਅੱਗੇ ਸਾਮਾਨ ਵੇਚਣ ਵਾਲੇ ਠੇਕੇਦਾਰ ਵੀ ਈ.ਡੀ ਦੀ ਰਾਡਾਰ 'ਤੇ ਹਨ। ਪੰਜਾਬ ਦੇ ਲੋਕਾਂ ਸਮੇਤ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਕਈ ਲੋਕਾਂ 'ਤੇ ਈ.ਡੀ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ।


Mandeep Singh

Content Editor

Related News