ਤਰਨਤਾਰਨ ''ਚ 3 ਘਰਾਂ ''ਤੇ ED ਦੀ ਰੇਡ, ਮੇਨ ਗੇਟ ਨੂੰ ਕਟਰ ਨਾਲ ਕੱਟ ਕੇ ਘਰ ਅੰਦਰ ਹੋਏ ਦਾਖ਼ਲ
Friday, Feb 03, 2023 - 11:47 PM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਪਿੰਡ ਸ਼ੇਰੋਂ ਵਿਖੇ ਸ਼ੁੱਕਰਵਾਰ ਸਵੇਰੇ 6 ਵਜੇ ਦੇ ਕਰੀਬ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਕਰੀਬ 60 ਅਧਿਕਾਰੀ, ਕਰਮਚਾਰੀ ਜੋ ਕਰੀਬ ਇਕ ਦਰਜਨ ਤੋਂ ਵੱਧ ਗੱਡੀਆਂ 'ਚ ਸਵਾਰ ਹੋ ਕੇ ਆਏ ਸਨ, ਪਿੰਡ ਦੇ ਵਸਨੀਕ ਸਕੱਤਰ ਸਿੰਘ, ਗੱਜਣ ਸਿੰਘ ਤੇ ਸੁਲੱਖਣ ਸਿੰਘ ਦੇ ਘਰਾਂ ’ਚ ਛਾਪੇਮਾਰੀ ਕਰਨ ਲਈ ਪੁੱਜ ਗਏ। ਸੂਤਰਾਂ ਅਨੁਸਾਰ ਇਸ ਅਚਾਨਕ ਹੋਈ ਛਾਪੇਮਾਰੀ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਦਰਵਾਜ਼ਾ ਨਾ ਖੋਲ੍ਹਿਆ ਗਿਆ ਤਾਂ ਟੀਮ ਨੂੰ ਇਲੈਕਟ੍ਰੋਨਿਕ ਕਟਰ ਨਾਲ ਦਰਵਾਜ਼ੇ ਨੂੰ ਕੱਟਣ ਉਪਰੰਤ ਦਾਖਲ ਹੋਣ ਲਈ ਮਜਬੂਰ ਹੋਣਾ ਪਿਆ, ਜਿਸ ਤੋਂ ਬਾਅਦ ਟੀਮ ਨੇ ਦੇਰ ਰਾਤ ਤੱਕ ਆਪਣੀ ਕਾਰਵਾਈ ਜਾਰੀ ਰੱਖੀ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ EO ਗਿਰੀਸ਼ ਵਰਮਾ ਦੀ ਮਦਦ ਕਰਨ ਵਾਲੇ ਮੁਲਜ਼ਮ ਆਸ਼ੂ ਗੋਇਲ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਜੋ ਨੈਸ਼ਨਲ ਹਾਈਵੇ-54 'ਤੇ ਮੌਜੂਦ ਹੈ, ਦੇ ਨਿਵਾਸੀ ਸਕੱਤਰ ਸਿੰਘ ਪੁੱਤਰ ਮੋਹਣ ਸਿੰਘ ਤੇ ਉਸ ਦੇ ਭਰਾਵਾਂ ਗੱਜਣ ਸਿੰਘ ਅਤੇ ਸੁਲੱਖਣ ਸਿੰਘ ਦੇ ਘਰਾਂ 'ਚ ਸਵੇਰੇ 6 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਅਚਾਨਕ ਦਸਤਕ ਦੇ ਦਿੱਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਸਮੇਂ ਘਰ 'ਚੋਂ ਜ਼ਿਆਦਾਤਰ ਵਿਅਕਤੀ ਫਰਾਰ ਹੋ ਗਏ ਅਤੇ ਘਰ 'ਚ ਮੌਜੂਦ ਬਾਕੀ ਪਰਿਵਾਰਕ ਮੈਂਬਰਾਂ ਪਾਸੋਂ ਟੀਮ ਨੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਇਸ ਟੀਮ ਨਾਲ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਜਵਾਨ ਮੌਜੂਦ ਹਨ, ਜਿਨ੍ਹਾਂ ਘਰ ਅੰਦਰ ਕਿਸੇ ਵੀ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ। ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਵੀ ਘਰਾਂ ਦੇ ਨਜ਼ਦੀਕ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਸਬੰਧਿਤ ਵਿਅਕਤੀਆਂ ਦੇ ਘਰਾਂ 'ਚ ਕੀਤੀ ਗਈ ਛਾਪੇਮਾਰੀ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਵੱਲੋਂ 2013 'ਚ ਗੁਰੂ ਕੀ ਗੋਲਕ ਦੇ ਪੈਸਿਆਂ ਨੂੰ ਵਿਆਜ ਸਮੇਤ ਵਸੂਲਣ ਦੇ ਆਦੇਸ਼
ਸੂਤਰਾਂ ਅਨੁਸਾਰ ਟੀਮ ਵੱਲੋਂ ਘਰ 'ਚ ਮੌਜੂਦ ਲੈਪਟਾਪ, ਕੰਪਿਊਟਰ ਤੇ ਮੋਬਾਈਲਾਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਨਾਲ ਸਬੰਧਿਤ ਦਸਤਾਵੇਜ਼ ਨੂੰ ਕਬਜ਼ੇ 'ਚ ਲੈਂਦਿਆਂ ਬਿਆਨ ਦਰਜ ਕੀਤੇ ਗਏ ਹਨ। ਟੀਮ ਵੱਲੋਂ ਘਰ 'ਚ ਮੌਜੂਦ ਵੱਖ-ਵੱਖ ਜ਼ਮੀਨਾਂ ਨਾਲ ਸਬੰਧਿਤ ਰਜਿਸਟਰੀਆਂ ਅਤੇ ਹੋਰ ਕਾਗਜ਼ਾਤ ਵੀ ਕਬਜ਼ੇ ਵਿੱਚ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਛਾਪੇਮਾਰੀ ਦੌਰਾਨ ਟੀਮ ਦੇ ਮੈਂਬਰਾਂ ਵੱਲੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਟੀਮ ਵੱਲੋਂ ਕਈ ਘੰਟੇ ਭੁੱਖੇ-ਪਿਆਸੇ ਪਰਿਵਾਰਕ ਮੈਂਬਰਾਂ ਪਾਸੋਂ ਪੁੱਛਗਿੱਛ ਜਾਰੀ ਰੱਖੀ ਗਈ। ਇਹ ਟੀਮ ਸਰਕਾਰ ਦੇ ਹੁਕਮਾਂ 'ਤੇ ਵੱਖ-ਵੱਖ ਵਿਸ਼ੇਸ਼ ਕਾਰਨਾਂ ਨੂੰ ਮੁੱਖ ਰੱਖਣ ਤੋਂ ਬਾਅਦ ਛਾਪੇਮਾਰੀ ਕਰਦੀ ਹੈ, ਜਿਸ ਵੱਲੋਂ ਇਨ੍ਹਾਂ ਘਰਾਂ ਅੰਦਰੋਂ ਕੀ-ਕੀ ਬਰਾਮਦ ਕੀਤਾ ਗਿਆ, ਬਾਰੇ ਜਾਣਕਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਰੱਖੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।