ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਸਰਕਾਰ ਬਣਨ ’ਤੇ ਬਣਾਇਆ ਜਾਵੇਗਾ ਪੂਰਵਾਂਚਲ ਭਲਾਈ ਬੋਰਡ : ਸੁਖਬੀਰ ਬਾਦਲ

Wednesday, Nov 10, 2021 - 08:13 PM (IST)

ਲੁਧਿਆਣਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ 'ਚ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਪੂਰਵਾਂਚਲ ਭਲਾਈ ਬੋਰਡ ਬਣਾਇਆ ਜਾਵੇਗਾ ਤੇ ਪੂਰਵਾਂਚਲ ਇਲਾਕੇ ਤੋਂ ਪੰਜਾਬ ਆ ਕੇ ਵਸੇ ਲੋਕਾਂ ਦੀ ਭਲਾਈ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਦੋ ਛੱਠ ਪੂਜਾ ਪ੍ਰੋਗਰਾਮਾ 'ਚ ਸ਼ਮੂਲੀਅਤ ਕੀਤੀ, ਨੇ ਪ੍ਰਵਾਸੀ ਭਾਈਚਾਰੇ ਦੇ ਇਕ ਮੈਂਬਰ ਦੇ ਘਰ ਜਾ ਕੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਤੇ ਪਰਿਵਾਰ ਨੂੰ ਮਠਿਆਈ ਦੇ ਕੇ ਤਿਓਹਾਰ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਪੂਰਵਾਂਚਲ ਭਾਈਚਾਰੇ ਦੀ ਬਹੁ ਗਿਣਤੀ ਵਸੋਂ ਵਾਲੇ ਇਲਾਕੇ 'ਚ ਲੜਕੀਆਂ ਦਾ ਕਾਲਜ ਖੋਲ੍ਹਾਂਗੇ ਅਤੇ 5 ਹਜ਼ਾਰ ਬੱਚਿਆਂ ਦੀ ਸਮਰਥਾ ਵਾਲਾ ਸਕੂਲ ਸਥਾਪਿਤ ਕਰਾਂਗੇ ਤਾਂ ਜੋ ਮਿਆਰੀ ਸਿੱਖਿਆ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ : US ਕੈਪਿਟਲ ਹਿੰਸਾ ਤੋਂ ਪਹਿਲਾਂ ਟਵਿੱਟਰ ਦੇ CEO ਨੂੰ ਦਿੱਤੀ ਸੀ ਚਿਤਾਵਨੀ : ਪ੍ਰਿੰਸ ਹੈਰੀ

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪ੍ਰਵਾਸੀ ਭਾਈਚਾਰੇ ਦੇ ਸਾਰੇ ਮੈਂਬਰਾਂ ਨੁੰ ਅਗਲੀ ਸਰਕਾਰ 'ਚ 10 ਲੱਖ ਰੁਪਏ ਸਾਲਾਨਾ ਸਿਹਤ ਬੀਮਾ ਸਕੀਮ 'ਚ ਸ਼ਾਮਲ ਕੀਤਾ ਜਾਵੇਗਾ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੂਰਵਾਂਚਲ ਇਲਾਕੇ ਦੇ ਲੋਕਾਂ ਦੀ ਵਸੋਂ ਵਾਲੇ ਸਾਰੇ ਜ਼ਿਲਿ੍ਹਆਂ 'ਚ ਛੱਠ ਪੂਜਾ ਦੀ ਛੁੱਟੀ ਕੀਤੀ ਜਾਵੇਗੀ ਅਤੇ ਪੰਜ ਏਕੜ ਰਕਬੇ 'ਚ ਝੀਲ ਬਣਾਈ ਜਾਵੇਗੀ ਤਾਂ ਜੋ ਭਾਈਚਾਰਾ ਛੱਠ ਪੂਜਾ ਕਰ ਸਕੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਸਰਕਾਰ 'ਚ ਪੂਰਵਾਂਚਲ ਭਲਾਈ ਬੋਰਡ ਦੇ ਚੇਅਰਮੈਨ ਨੁੰ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਚੀਨ ਦੇ BRI ਪ੍ਰੋਜੈਕਟ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ

ਅਕਾਲੀ ਦਲ ਪ੍ਰਧਾਨ ਨੇ ਲੋਹਾਰਾ ਢੰਡਾਰੀ ਰੋਡ ’ਤੇ ਪੀ ਡੀ ਯਾਦਵ, ਚੰਦਰਭਾਨ ਚੌਹਾਨ ਅਤੇ ਠਾਕੁਰ ਵਿਸ਼ਵਨਾਥ ਸਿੰਘ ਵੱਲੋਂ ਕਰਵਾਏ ਦੋ ਛੱਠ ਪੂਜਾ ਪ੍ਰੋਗਰਾਮਾਂ 'ਚ ਵੀ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਸੀਨੀਅਰ ਅਕਾਲੀ ਆਗੂ ਜੋਗਿੰਦਰ ਜਿੰਦੂ ਤੇ ਵਰਦੇਵ ਮਾਨ ’ਤੇ ਫਿਰੋਜ਼ਪੁਰ ਸ਼ਹਿਰ 'ਚ ਹੋਏ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਹਮਲਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਪਾਂਸਰ ਕਰਵਾਇਆ ਸੀ ।

ਉਨ੍ਹਾਂ ਮੰਗ ਕੀਤੀ ਕਿ ਮਿਉਂਸਪਲ ਕੌਂਸਲਰਾਂ ਤੇ ਕਮੇਟੀ ਦੇ ਚੇਅਰਮੈਨ ਰਿੰਕੂ ਗਰੋਵਰ ਸਮੇਤ ਸਾਰੇ ਕਾਂਗਰਸੀ ਆਗੂਆਂ ਖਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ । ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਖਿਆ ਕਿ ਉਹ ਇਸ ਘਟਨਾ 'ਚ ਸ਼ਾਮਲ ਸਾਰੇ ਕਾਂਗਰਸੀ ਆਗੂਆਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੇ ਹੁਕਮ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ ਤੇ ਹਰੀਸ਼ ਰਾਏ ਢਾਂਡਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।

ਇਹ ਵੀ ਪੜ੍ਹੋ : ਨਿਊਜ਼ੀਲੈਂਡ 'ਚ ਵੈਕਸੀਨ-ਤਾਲਾਬੰਦੀ ਦੇ ਵਿਰੋਧ 'ਚ ਲੋਕਾਂ ਨੇ ਸੰਸਦ ਦੇ ਸਾਹਮਣੇ ਕੱਢੀ ਰੈਲੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News